ਗੁਜਰਾਤ ਚੋਣਾਂ: ਸ਼ਾਹ ਵੱਲੋਂ ਸੌਰਾਸ਼ਟਰ ਦੇ ਆਗੂਆਂ ਨਾਲ ਮੁਲਾਕਾਤ

ਗੁਜਰਾਤ ਚੋਣਾਂ: ਸ਼ਾਹ ਵੱਲੋਂ ਸੌਰਾਸ਼ਟਰ ਦੇ ਆਗੂਆਂ ਨਾਲ ਮੁਲਾਕਾਤ

ਗਿਰ ਸੋਮਨਾਥ- ਕੇਂਦਰੀ ਗ੍ਰਹਿ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਸੌਰਾਸ਼ਟਰ ਖਿੱਤੇ ਦੇ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਕੇ ਅਗਾਮੀ ਅਸੈਂਬਲੀ ਚੋਣਾਂ ਲਈ ਰਣਨੀਤੀ ਘੜੀ। ਕਈ ਘੰਟਿਆਂ ਤੱਕ ਚੱਲੀ ਮੀਟਿੰਗ ਗਿਰ ਸੋਮਨਾਥ ਜ਼ਿਲ੍ਹੇ ਦੇ ਵੇਰਾਵਲ ਵਿੱਚ ਹੋਈ। ਪਾਰਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਮੀਟਿੰਗ ਸਾਲ 2017 ਵਿੱਚ ਪਾਰਟੀ ਦੀ ਇਸ ਖਿੱਤੇ ਵਿੱਚ ਮਾੜੀ ਕਾਰਗੁਜ਼ਾਰੀ ਨੂੰ ਭੁਲਾ ਕੇ ਵੱਧ ਸੀਟਾਂ ਜਿੱਤਣ ਦੇ ਯਤਨਾਂ ’ਤੇ ਕੇਂਦਰਤ ਸੀ। ਗੁਜਰਾਤ ਦੀ 182 ਮੈਂਬਰੀ ਅਸੈਂਬਲੀ ’ਚੋਂ 48 ਸੀਟਾਂ ਸੌਰਾਸ਼ਟਰ ਵਿੱਚ ਪੈਂਦੀਆਂ ਹਨ। ਮੀਟਿੰਗ ਵਿੱਚ ਮੁੱਖ ਮੰਤਰੀ ਭੁਪੇਂਦਰ ਪਟੇਲ, ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ, ਪਾਰਟੀ ਅਹੁਦੇਦਾਰ ਤੇ ਸੀਨੀਅਰ ਆਗੂ ਮੌਜੂਦ ਸਨ। ਭਾਜਪਾ ਨੇ ਐਤਕੀਂ 150 ਸੀਟਾਂ ਜਿੱਤ ਕੇ ਕਾਂਗਰਸ ਦੇ 1984 ਵਿੱਚ 149 ਸੀਟਾਂ ਜਿੱਤਣ ਦੇ ਰਿਕਾਰਡ ਨੂੰ ਤੋੜਨ ਦਾ ਟੀਚਾ ਮਿੱਥਿਆ ਹੈ। ਸ਼ਾਹ ਵੱਲੋਂ ਪਿਛਲੇ ਕਈ ਦਿਨਾਂ ਤੋਂ ਜ਼ੋਨ ਪੱਧਰ ’ਤੇ ਪਾਰਟੀਆਂ ਆਗੂਆਂ ਨਾਲ ਲੰਮੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਚਾਰ ਦਿਨਾਂ ਵਿੱਚ ਇਹ ਚੌਥੀ ਮੀਟਿੰਗ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੇ ਵਲਸਾਡ, ਵਡੋਦਰਾ ਤੇ ਪਾਲਨਪੁਰ ਵਿੱਚ ਦੱਖਣੀ, ਕੇਂਦਰੀ ਤੇ ਉੱਤਰੀ ਜ਼ੋਨਾਂ ਦੀਆਂ ਮੀਟਿੰਗਾਂ ’ਚ ਵੀ ਸ਼ਿਰਕਤ ਕੀਤੀ ਸੀ। ਸਾਲ 2017 ਦੀਆਂ ਚੋਣਾਂ ਵਿੱਚ ਸੌਰਾਸ਼ਟਰ ’ਚ ਭਾਜਪਾ ਦੀ ਮਾੜੀ ਕਾਰਗੁਜ਼ਾਰੀ ਕਰਕੇ ਸੀਟਾਂ ਦੀ ਗਿਣਤੀ ਘਟ ਕੇ 99 ਰਹਿ ਗਈ ਸੀ। ਪਾਰਟੀ ਉਦੋਂ ਇਥੇ 48 ਸੀਟਾਂ ’ਚੋਂ 20 ਸੀਟਾਂ ਹੀ ਜਿੱਤ ਸਕੀ ਸੀ।