ਗੁਜਰਾਤ: ਉਮੀਦਵਾਰ ਚੁਣਨ ਲਈ ਸ਼ਾਹ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ

ਗੁਜਰਾਤ: ਉਮੀਦਵਾਰ ਚੁਣਨ ਲਈ ਸ਼ਾਹ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ

ਅਹਿਮਦਾਬਾਦ- ਭਾਜਪਾ ਦੀ ਗੁਜਰਾਤ ਲਈ ਚੋਣ ਕਮੇਟੀ ਨੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਅੱਜ ਮੀਟਿੰਗ ਕਰਕੇ ਹਰੇਕ ਵਿਧਾਨ ਸਭਾ ਹਲਕੇ ਲਈ ਤਿੰਨ-ਤਿੰਨ ਉਮੀਦਵਾਰਾਂ ਦੇ ਨਾਮ ਤੈਅ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਹਰੇਕ ਹਲਕੇ ਲਈ ਚੁਣੇ ਗਏ ਉਮੀਦਵਾਰਾਂ ਦੇ ਤਿੰਨ-ਤਿੰਨ ਨਾਵਾਂ ਨੂੰ ਅੰਤਿਮ ਚੋਣ ਵਾਸਤੇ ਦਿੱਲੀ ’ਚ ਭਾਜਪਾ ਦੇ ਸੰਸਦੀ ਬੋਰਡ ਕੋਲ ਭੇਜਿਆ ਜਾਵੇਗਾ। ਪਾਰਟੀ ਤਰਜਮਾਨ ਯਗਨੇਸ਼ ਦਵੇ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੀ ਮੀਟਿੰਗ ਦੇ ਪਹਿਲੇ ਦਿਨ ਸ਼ਾਹ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਹਾਜ਼ਰ ਸਨ। ਦਵੇ ਨੇ ਦੱਸਿਆ ਕਿ ਚੋਣ ਕਮੇਟੀ ਨੇ 12 ਜ਼ਿਲ੍ਹਿਆਂ ਦੀਆਂ 47 ਸੀਟਾਂ ’ਤੇ ਤਿੰਨ-ਤਿੰਨ ਉਮੀਦਵਾਰਾਂ ਦਾ ਪੈਨਲ ਬਣਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੰਸਦੀ ਬੋਰਡ ਵੱਲੋਂ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।