ਗਿਆਨਵਾਪੀ: ਹਿੰਦੂ ਸੰਗਠਨ ਵੱਲੋਂ ਮਸਲਾ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਅਪੀਲ

ਗਿਆਨਵਾਪੀ: ਹਿੰਦੂ ਸੰਗਠਨ ਵੱਲੋਂ ਮਸਲਾ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਅਪੀਲ

ਪੱਤਰ ਰਾਹੀਂ ਦੋਵਾਂ ਧਿਰਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ
ਵਾਰਾਨਸੀ- ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਸਥਿਤ ਗਿਆਨਵਾਪੀ ਕੰਪਲੈਕਸ ਬਾਰੇ ਚੱਲ ਰਹੀ ਕਾਨੂੰਨੀ ਲੜਾਈ ’ਚ ਮੋਹਰੀ ਰਹੇ ਇੱਕ ਹਿੰਦੂ ਸੰਗਠਨ ਨੇ ਇਹ ਵਿਵਾਦ ਅਦਾਲਤ ਦੇ ਬਾਹਰ ਸੁਲਝਾਉਣ ਲਈ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ।

ਵਾਰਾਨਸੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਗਿਆਨਵਾਪੀ ਕੰਪਲੈਕਸ ਦੇ ਹੋ ਰਹੇ ਵਿਗਿਆਨਕ ਸਰਵੇਖਣ ਵਿਚਾਲੇ ਲਿਖੇ ਗਏ ਇਸ ਖੁੱਲ੍ਹੇ ਪੱਤਰ ’ਚ ਹਿੰਦੂ ਧਿਰ ਦੇ ਪੈਰੋਕਾਰ ਤੇ ਵਿਸ਼ਵ ਵੈਦਿਕ ਸਨਾਤਨ ਸੰਘ ਦੇ ਮੁਖੀ ਜਿਤੇਂਦਰ ਸਿੰਘ ਬਿਸੇਨ ਨੇ ਹਿੰਦੂ ਤੇ ਮੁਸਲਿਮ ਧਿਰ ਨੂੰ ਗਿਆਨਵਾਪੀ ਕੰਪਲੈਕਸ ਸਬੰਧੀ ਵਿਵਾਦ ਅਦਾਲਤ ਦੇ ਬਾਹਰ ਆਪਸੀ ਸਹਿਮਤੀ ਨਾਲ ਸੁਲਝਾਉਣ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ।

ਬਿਸੇਨ ਨੇ ਕਿਹਾ ਕਿ ਇਹ ਪੱਤਰ ਇਸ ਕੇਸ ਦੀ ਮੁੱਖ ਧਿਰ ਰਾਖੀ ਸਿੰਘ ਦੀ ਸਹਿਮਤੀ ਮਗਰੋਂ ਹਿੰਦੂ ਧਿਰ ਵੱਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਜੇਕਰ ਇਹ ਮਾਮਲਾ ਆਪਸੀ ਸਹਿਮਤੀ ਨਾਲ ਸੁਲਝ ਜਾਵੇ ਤਾਂ ਇਸ ਤੋਂ ਬਿਹਤਰ ਕੁਝ ਨਹੀਂ ਹੋਵੇਗਾ।’ ਪੱਤਰ ’ਚ ਬਿਸੇਨ ਨੇ ਲਿਖਿਆ ਹੈ ਕਿ ਗਿਆਨਵਾਪੀ ਕੰਪਲੈਕਸ ਨੂੰ ਲੈ ਕੇ ਹਿੰਦੂ ਤੇ ਮੁਸਲਿਮ ਧਿਰਾਂ ਅਦਾਲਤ ’ਚ ਆਪੋ ਆਪਣੀਆਂ ਦਲੀਲਾਂ ਦੇ ਰਹੀਆਂ ਹਨ ਜਦਕਿ ਇਸ ਲੜਾਈ ਦਾ ਲਾਹਾ ਕੁਝ ਗ਼ੈਰ-ਸਮਾਜਿਕ ਤੱਤ ਆਪਣੇ ਨਿੱਜੀ ਫਾਇਦੇ ਲਈ ਲੈਣਾ ਚਾਹੁੰਦੇ ਹਨ ਜੋ ਦੇਸ਼ ਤੇ ਸਮਾਜ ਦੋਵਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਇੰਤਜ਼ਾਮੀਆ ਮਸਜਿਦ ਕਮੇਟੀ ਦੇ ਸੰਯੁਕਤ ਸਕੱਤਰ ਮੁਹੰਮਦ ਯਾਸੀਨ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪੱਤਰ ਮਿਲਿਆ ਹੈ ਜਿਸ ਨੂੰ ਕਮੇਟੀ ਦੀ ਮੀਟਿੰਗ ’ਚ ਪੇਸ਼ ਕੀਤਾ ਜਾਵੇਗਾ। ਕਮੇਟੀ ਦੇ ਮੈਂਬਰ ਜੋ ਵੀ ਫ਼ੈਸਲਾ ਕਰਨਗੇ ਉਹ ਮਨਜ਼ੂਰ ਹੋਵੇਗਾ।

ਇੱਕ ਹੋਰ ਹਿੰਦੂ ਧਿਰ ਦੇ ਵਕੀਲ ਹਰੀ ਸ਼ੰਕਰ ਜੈਨ ਨੇ ਐਕਸ ’ਤੇ ਕਿਹਾ ਕਿ ਸਨਾਤਨ ਧਰਮੀ ਕਾਸ਼ੀ ’ਚ ਇੱਕ ਇੰਚ ਜ਼ਮੀਨ ਨਾਲ ਵੀ ਸਮਝੌਤਾ ਨਹੀਂ ਕਰਨਗੇ।