ਗਿਆਨਵਾਪੀ ਨੂੰ ਮਸਜਿਦ ਆਖਣ ਨਾਲ ਵਿਵਾਦ ਪੈਦਾ ਹੋਵੇਗਾ: ਯੋਗੀ

ਗਿਆਨਵਾਪੀ ਨੂੰ ਮਸਜਿਦ ਆਖਣ ਨਾਲ ਵਿਵਾਦ ਪੈਦਾ ਹੋਵੇਗਾ: ਯੋਗੀ

ਲਖਨਊ (ਉਤਰ ਪ੍ਰਦੇਸ਼): ਵਾਰਾਨਸੀ ਵਿੱਚ ਗਿਆਨਵਾਪੀ ਮਸਜਿਦ ਕੰਪਲੈਕਸ ਵਿਵਾਦ ਦਰਮਿਆਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਗਿਆਨਵਾਪੀ ਨੂੰ ਮਸਜਿਦ ਕੰਪਲੈਕਸ ਨੂੰ ਮਸਜਿਦ ਗਰਦਾਨੇ ਜਾਣ ਨਾਲ ਸਿਰਫ਼ ਵਿਵਾਦ ਪੈਦਾ ਹੋਵੇਗਾ। ਮੁਸਲਿਮ ਭਾਈਚਾਰੇ ਨੂੰ ਇਹ ਇਤਿਹਾਸਿਕ ਗ਼ਲਤੀ ਮੰਨ ਲੈਣੀ ਚਾਹੀਦੀ ਹੈ ਅਤੇ ਮਸਲੇ ਦੇ ਹੱਲ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਇਸ ਖ਼ਬਰ ਏਜੰਸੀ ਦੀ ਸੰਪਾਦਕ ਸਮਿਤਾ ਪ੍ਰਕਾਸ਼ ਨਾਲ ਇੰਟਰਵਿਊ ਦੌਰਾਨ ਯੋਗੀ ਆਦਿੱਤਿਆਨਾਥ ਨੇ ਕਿਹਾ,‘ਜੇ ਅਸੀਂ ਇਸ ਨੂੰ ਮਸਜਿਦ ਆਖਦੇ ਹਾਂ ਤਾਂ ਵਿਵਾਦ ਪੈਦਾ ਹੋਵੇਗਾ। ਸਾਨੂੰ ਇਸ ਨੂੰ ਸਿਰਫ਼ ਗਿਆਨਵਾਪੀ ਹੀ ਆਖਣਾ ਚਾਹੀਦਾ ਹੈ।’ ਇਸੇ ਦੌਰਾਨ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ-ਮੁਸਲਮੀਨ (ਏਆਈਐਮਆਈਐਮ) ਦੇ ਆਗੂ ਅਸਦੂਦੀਨ ਓਵਾਇਸੀ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗਿਆਨਵਾਪੀ ਮਸਲੇ ’ਤੇ ਦਿੱਤੇ ਬਿਆਨ ਦੀ ਨਿੰਦਾ ਕੀਤੀ। ਏਆਈਐਮਆਈਐਮ ਦੇ ਮੁਖੀ ਨੇ ਕਿਹਾ ਕਿ ਮਸਲਾ ਵਿਚਾਰ ਅਧੀਨ ਹੋਣ ਦੇ ਬਾਵਜੂਦ ਯੋਗੀ ਵੱਲੋਂ ਅਜਿਹਾ ਵਿਵਾਦਪੂਰਨ ਬਿਆਨ ਦੇਣਾ, ਸਿੱਧੇ ਤੌਰ ’ਤੇ ਨਿਆਂਇਕ ਅਵੱਗਿਆ ਹੈ। ਮੁੱਖ ਮੰਤਰੀ ਯੋਗੀ ਜਾਣਦੇ ਹਨ ਕਿ ਮੁਸਲਿਮ ਧਿਰ ਨੇ ਅਲਾਹਾਬਾਦ ਹਾਈ ਕੋਰਟ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਵੱਲੋਂ ਕਰਵਾਏ ਗਏ ਸਰਵੇਖਣ ਦਾ ਵਿਰੋਧ ਕੀਤਾ ਹੈ ਅਤੇ ਹਾਈ ਕੋਰਟ ਵੱਲੋਂ ਕੁਝ ਦਿਨਾਂ ਵਿੱਚ ਫੈਸਲਾ ਸੁਣਾਇਆ ਜਾਣਾ ਹੈ।