ਗਿਆਨਵਾਪੀ: ਏਐੱਸਆਈ ਵੱਲੋਂ ਤੀਜੇ ਦਿਨ ਗੁੰਬਦਾਂ ਦਾ ਸਰਵੇਖਣ

ਗਿਆਨਵਾਪੀ: ਏਐੱਸਆਈ ਵੱਲੋਂ ਤੀਜੇ ਦਿਨ ਗੁੰਬਦਾਂ ਦਾ ਸਰਵੇਖਣ

ਮੁਸਲਿਮ ਧਿਰ ਨੇ ਸਰਵੇ ਦੇ ਬਾਈਕਾਟ ਦੀ ਚਿਤਾਵਨੀ ਦਿੱਤੀ
ਵਾਰਾਨਸੀ- ਉੱਤਰ ਪ੍ਰਦੇਸ਼ ਦੇ ਵਾਰਾਨਸੀ ਜ਼ਿਲ੍ਹੇ ’ਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਅੱਜ ਤੀਜੇ ਦਿਨ ਗਿਆਨਵਾਪੀ ਕੰਪਲੈਕਸ ’ਚ ਤਿੰਨ ਗੁੰਬਦਾਂ ਦਾ ਵਿਗਿਆਨਕ ਢੰਗ ਨਾਲ ਸਰਵੇਖਣ ਕੀਤਾ ਹੈ। ਇਸੇ ਵਿਚਾਲੇ ਮੁਸਲਿਮ ਧਿਰ ਨੇ ਸਰਵੇਖਣ ਨੂੰ ਲੈ ਕੇ ਝੂਠੀਆਂ ਖ਼ਬਰਾਂ ਪ੍ਰਸਾਰਿਤ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਪ੍ਰਕਿਰਿਆ ਤੋਂ ਵੱਖ ਹੋਣ ਦੀ ਚਿਤਾਵਨੀ ਦਿੱਤੀ ਹੈ।

ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਦੱਸਿਆ, ‘ਏਐੱਸਆਈ ਨੇ ਅੱਜ ਲਗਾਤਾਰ ਤੀਜੇ ਦਿਨ ਸਰਵੇ ਦਾ ਕੰਮ ਕੀਤਾ ਹੈ। ਟੀਮ ਸਵੇਰੇ ਅੱਠ ਵਜੇ ਗਿਆਨਵਾਪੀ ਕੰਪਲੈਕਸ ’ਚ ਦਾਖਲ ਹੋਈ ਤੇ ਸਰਵੇ ਦਾ ਕੰਮ ਸ਼ਾਮ ਪੰਜ ਵਜੇ ਤੱਕ ਚੱਲਿਆ।’ ਹਿੰਦੂ ਧਿਰ ਦੇ ਵਕੀਲ ਵਿਸ਼ਨੂ ਸ਼ੰਕਰ ਜੈਨ ਨੇ ਦੱਸਿਆ ਕਿ ਅੱਜ ਤਿੰਨਾਂ ਗੁੰਬਦਾਂ ਹੇਠਾਂ ਵਿਗਿਆਨਕ ਪ੍ਰੀਖਣ ਕੀਤਾ ਗਿਆ ਹੈ। ਉੱਥੇ ਫੋਟੋਗ੍ਰਾਫੀ, ਮੈਪਿੰਗ ਤੇ ਨਾਪ-ਨਪਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਿੰਨ ਤਹਿਖਾਨਿਆਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਹਿੰਦੂ ਧਿਰ ਦੇ ਇੱਕ ਹੋਰ ਵਕੀਲ ਸੁਧੀਰ ਤ੍ਰਿਪਾਠੀ ਨੇ ਕਿਹਾ ਕਿ ਹੁਣ ਤੱਕ ਦੇ ਹੋਏ ਸਰਵੇ ਤੋਂ ਹਿੰਦੂ ਤੇ ਮੁਸਲਿਮ ਦੋਵੇਂ ਧਿਰਾਂ ਸੰਤੁਸ਼ਟ ਹਨ। ਇਸੇ ਵਿਚਾਲੇ ਗਿਆਨਵਾਪੀ ਮਸਜਿਦ ਦੀ ਸੰਭਾਲ ਕਰਨ ਵਾਲੀ ਅੰਜੂਮਨ ਇੰਤਜ਼ਾਮੀਆ ਮਸਜਿਦ ਕਮੇਟੀ ਦੇ ਸੰਯੁਕਤ ਸਕੱਤਰ ਸੱਯਦ ਮੁਹੰਮਦ ਯਾਸੀਨ ਨੇ ਦੱਸਿਆ ਕਿ ਸਰਵੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਮੁਸਲਿਮ ਧਿਰ ਦੂਜੇ ਦਿਨ ਸਰਵੇਖਣ ’ਚ ਸ਼ਾਮਲ ਹੋਈ ਅਤੇ ਅੱਜ ਵੀ ਉਸ ਦੇ ਵਕੀਲ ਸਰਵੇ ’ਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਸਰਵੇ ਨੂੰ ਲੈ ਕੇ ਬੇਬੁਨਿਆਦ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਜੇਕਰ ਇਨ੍ਹਾਂ ਅਫਵਾਹਾਂ ਨੂੰ ਰੋਕਿਆ ਨਾ ਗਿਆ ਤਾਂ ਮੁਸਲਿਮ ਧਿਰ ਸਰਵੇ ਦਾ ਮੁੜ ਤੋਂ ਬਾਈਕਾਟ ਕਰ ਸਕਦੀ ਹੈ। ਯਾਸੀਨ ਨੇ ਦੋਸ਼ ਲਾਇਆ ਕਿ ਬੀਤੇ ਦਿਨ ਸਰਵੇ ਦੌਰਾਨ ਮੀਡੀਆ ਦੇ ਇੱਕ ਵਰਗ ਨੇ ਅਫਵਾਹ ਫੈਲਾਈ ਹੈ ਕਿ ਮਸਜਿਦ ਅੰਦਰ ਤਹਿਖਾਨੇ ’ਚੋਂ ਮੂਰਤੀਆਂ, ਤ੍ਰਿਸ਼ੂਲ ਤੇ ਕਲਸ਼ ਮਿਲੇ ਹਨ ਜਿਸ ਤੋਂ ਮੁਸਲਿਮ ਭਾਈਚਾਰੇ ਨੂੰ ਠੇਸ ਪਹੁੰਚੀ ਹੈ।