ਗਿਆਨਵਾਪੀ: ਏਐੱਸਆਈ ਨੂੰ 10 ਦਿਨਾਂ ਦਾ ਹੋਰ ਸਮਾਂ ਮਿਲਿਆ

ਗਿਆਨਵਾਪੀ: ਏਐੱਸਆਈ ਨੂੰ 10 ਦਿਨਾਂ ਦਾ ਹੋਰ ਸਮਾਂ ਮਿਲਿਆ

ਵਾਰਾਨਸੀ (ਉੱਤਰ ਪ੍ਰਦੇਸ਼): ਇਥੋਂ ਦੀ ਜ਼ਿਲ੍ਹਾ ਅਦਾਲਤ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵਿਭਾਗ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵਿਗਿਆਨਕ ਸਰਵੇਖਣ ਦੀ ਰਿਪੋਰਟ ਸੌਂਪਣ ਲਈ 10 ਦਿਨਾਂ ਦਾ ਹੋਰ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਏਐੱਸਆਈ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੀ ਸਰਵੇ ਰਿਪੋਰਟ ਸੌਂਪਣ ਲਈ 17 ਨਵੰਬਰ ਤਕ ਸਮਾਂ ਦਿੱਤਾ ਸੀ। ਏਐੱਸਆਈ ਨੇ ਸ਼ੁੱਕਰਵਾਰ ਨੂੰ ਅਦਾਲਤ ਤੋਂ ਮੰਗ ਕੀਤੀ ਸੀ ਕਿ ਰਿਪੋਰਟ ਸੌਂਪਣ ਲਈ 15 ਦਿਨ ਹੋਰ ਦਿੱਤੇ ਜਾਣ ਤੇ ਅੱਜ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ 10 ਦਿਨਾਂ ਦਾ ਸਮਾਂ ਹੀ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਏਐੱਸਆਈ ਹਰ ਹਾਲ ਵਿੱਚ 28 ਨਵੰਬਰ ਨੂੰ ਰਿਪੋਰਟ ਸੌਂਪੇ। ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਦੱਸਿਆ ਕਿ ਸਰਵੇਖਣ ਸਬੰਧੀ ਤਕਨੀਕੀ ਰਿਪੋਰਟ ਨਾ ਆਉਣ ਕਾਰਨ ਏਐੱਸਆਈ ਨੇ ਰਿਪੋਰਟ ਸੌਂਪਣ ਲਈ 15 ਦਿਨਾਂ ਦਾ ਹੋਰ ਸਮਾਂ ਮੰਗਿਆ ਸੀ।