ਗਾਜ਼ਾ: ਹਸਪਤਾਲ ’ਤੇ ਗੋਲਾ ਡਿੱਗਿਆ, 12 ਹਲਾਕ

ਗਾਜ਼ਾ: ਹਸਪਤਾਲ ’ਤੇ ਗੋਲਾ ਡਿੱਗਿਆ, 12 ਹਲਾਕ

ਇਜ਼ਰਾਇਲੀ ਫ਼ੌਜ ’ਤੇ ਇੰਡੋਨੇਸ਼ੀਅਨ ਹਸਪਤਾਲ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼
ਖ਼ਾਨ ਯੂਨਿਸ- ਉੱਤਰੀ ਗਾਜ਼ਾ ’ਚ ਪੈਂਦੇ ਇੰਡੋਨੇਸ਼ੀਅਨ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਇਕ ਗੋਲਾ ਡਿੱਗਿਆ ਜਿਸ ’ਚ 12 ਵਿਅਕਤੀ ਮਾਰੇ ਗਏ। ਹਮਾਸ ਦੀ ਅਗਵਾਈ ਹੇਠਲੇ ਸਿਹਤ ਮੰਤਰਾਲੇ ਅਤੇ ਇਕ ਮੈਡੀਕਲ ਵਰਕਰ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਫ਼ੌਜ ਵੱਲੋਂ ਹੁਣ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਅਤਿਵਾਦੀ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਢਾਲ ਬਣਾ ਕੇ ਹਸਪਤਾਲਾਂ ’ਚ ਡੇਰੇ ਲਗਾ ਕੇ ਬੈਠੇ ਹਨ। ਉਧਰ ਗਾਜ਼ਾ ਸਿਟੀ ਦੇ ਸ਼ਿਫ਼ਾ ਹਸਪਤਾਲ ’ਚੋਂ ਵਿਸ਼ਵ ਸਿਹਤ ਸੰਗਠਨ ਵੱਲੋਂ ਕੱਢੇ ਗਏ 31 ਨਵਜੰਮੇ ਬੱਚਿਆਂ ਨੂੰ ਮਿਸਰ ਪਹੁੰਚਾਇਆ ਗਿਆ ਹੈ। ਇੰਡੋਨੇਸ਼ੀਅਨ ਹਸਪਤਾਲ ਦੇ ਨੇੜੇ ਭਾਰੀ ਜੰਗ ਹੋ ਰਹੀ ਹੈ ਜਿਥੇ ਹਜ਼ਾਰਾਂ ਮਰੀਜ਼ ਦਾਖ਼ਲ ਹਨ ਅਤੇ ਦਰ-ਬਦਰ ਹੋਏ ਲੋਕ ਕਈ ਹਫ਼ਤਿਆਂ ਤੋਂ ਉਥੇ ਰੁਕੇ ਹੋਏ ਹਨ। ਫਲਸਤੀਨੀ ਰੈੱਡ ਕ੍ਰਿਸੈਂਟ ਰਾਹਤ ਸੇਵਾ ਨੇ ਕਿਹਾ ਕਿ ਉਹ 28 ਨਵਜੰਮੇ ਬੱਚਿਆਂ ਨੂੰ ਮਿਸਰ ਪਹੁੰਚਾ ਰਹੀ ਹੈ। ਮਿਸਰ ਦੇ ਅਲ-ਕਾਹਿਰਾ ਸੈਟੇਲਾਈਟ ਚੈਨਲ ਨੇ ਮੁਲਕ ਦੀਆਂ ਐਂਬੂਲੈਂਸਾਂ ’ਚ ਬੱਚਿਆਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ ਪਰ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ। ਇਜ਼ਰਾਇਲੀ ਫ਼ੌਜ ਵੱਲੋਂ ਸ਼ਿਫ਼ਾ ਹਸਪਤਾਲ ਨੂੰ ਘੇਰਾ ਪਾਏ ਜਾਣ ਮਗਰੋਂ ਉਥੇ 31 ਨਵਜੰਮੇ ਬੱਚੇ ਅਤੇ ਗੰਭੀਰ ਰੂਪ ’ਚ ਜ਼ਖ਼ਮੀ 250 ਮਰੀਜ਼ ਰਹਿ ਗਏ ਸਨ। ਇਸ ਦੌਰਾਨ ਲਿਬਨਾਨ ਤੋਂ ਹਿਜ਼ਬੁੱਲਾ ਵੱਲੋਂ ਕੀਤੇ ਗਏ ਹਮਲੇ ’ਚ ਉੱਤਰੀ ਇਜ਼ਰਾਈਲ ’ਚ ਭਾਰੀ ਨੁਕਸਾਨ ਪਹੁੰਚਿਆ ਹੈ। ਤੋਪਾਂ ਗਰਜਣ ਕਾਰਨ ਕਈ ਇਲਾਕਿਆਂ ’ਚ ਅੱਗ ਲੱਗ ਗਈ। ਇਜ਼ਰਾਈਲ ਦੇ ਇੰਟੈਲੀਜੈਂਸ ਮੰਤਰੀ ਜਿਲਾ ਗੈਮਲਿਅਲ ਨੇ ਯੇਰੂਸ਼ਲਮ ਪੋਸਟ ਅਖ਼ਬਾਰ ’ਚ ਲੇਖ ਦੌਰਾਨ ਕਿਹਾ ਕਿ ਗਾਜ਼ਾ ਦੇ ਫਲਸਤੀਨੀਆਂ ਨੂੰ ਵਸਾਉਣ ਲਈ ‘ਵਾਲੰਟਰੀ ਰੀਸੈਟਲਮੈਂਟ’ ਵਧੀਆ ਤਰੀਕਾ ਰਹੇਗਾ। ਜਾਰਡਨ ਫੀਲਡ ਹਸਪਤਾਲ ਉਸਾਰਨ ਲਈ ਸਮੱਗਰੀ ਰਾਫ਼ਾਹ ਲਾਂਘੇ ਰਾਹੀਂ ਗਾਜ਼ਾ ਪਹੁੰਚ ਗਈ ਹੈ। ਸਿਹਤ ਸੰਕਟ ਨਾਲ ਜੂਝ ਰਹੇ ਦੱਖਣੀ ਗਾਜ਼ਾ ’ਚ ਜਾਰਡਨ ਹਸਪਤਾਲ ਬਣਾਏਗਾ।