ਗਾਜ਼ਾ: ਦੋ ਦਿਨਾਂ ਵਿੱਚ ਸੰਘਰਸ਼ ਦੌਰਾਨ 13 ਇਜ਼ਰਾਇਲੀ ਸੈਨਿਕਾਂ ਦੀ ਮੌਤ

ਗਾਜ਼ਾ: ਦੋ ਦਿਨਾਂ ਵਿੱਚ ਸੰਘਰਸ਼ ਦੌਰਾਨ 13 ਇਜ਼ਰਾਇਲੀ ਸੈਨਿਕਾਂ ਦੀ ਮੌਤ

ਹਮਾਸ ਦੇ ਮਜ਼ਬੂਤ ਹੋਣ ਦੇ ਸੰਕੇਤ; ਇਜ਼ਰਾਈਲ ’ਚ ਨੇਤਨਯਾਹੂ ਖ਼ਿਲਾਫ਼ ਰੋਸ
ਤਲ ਅਵੀਵ- ਗਾਜ਼ਾ ਪੱਟੀ ਵਿਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਹੋਏ ਸੰਘਰਸ਼ ’ਚ ਘੱਟੋ-ਘੱਟ 13 ਇਜ਼ਰਾਇਲੀ ਸੈਨਿਕ ਮਾਰੇ ਗਏ ਹਨ। ਇਜ਼ਰਾਇਲੀ ਸੈਨਾ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਕਤੂਬਰ ਦੇ ਅਖੀਰ ਵਿਚ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਇਜ਼ਰਾਇਲੀ ਸੈਨਿਕਾਂ ਦੀ ਮੌਤ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ ਤੇ ਇਹ ਸੰਕੇਤ ਹੈ ਕਿ ਹਮਾਸ ਕਈ ਹਫ਼ਤਿਆਂ ਦੀ ਜ਼ੋਰਦਾਰ ਜੰਗ ਦੇ ਬਾਵਜੂਦ ਹਾਲੇ ਵੀ ਲੜਾਈ ਲੜ ਰਿਹਾ ਹੈ। ਹਾਲਾਂਕਿ ਇਜ਼ਰਾਇਲੀ ਸੈਨਿਕਾਂ ਦੀ ਮੌਤ ਦੇ ਵਧਦੇ ਅੰਕੜੇ ਜੰਗ ਲਈ ਇਜ਼ਰਾਇਲੀ ਜਨਤਾ ਦੇ ਸਮਰਥਨ ਦਾ ਇਕ ਮਹੱਤਵਪੂਰਨ ਕਾਰਨ ਬਣ ਸਕਦੇ ਹਨ। ਜੰਗ ਨੇ ਗਾਜ਼ਾ ਦੇ ਕੁਝ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਹੈ, 20 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਗਾਜ਼ਾ ਦੀ 23 ਲੱਖ ਲੋਕਾਂ ਦੀ ਆਬਾਦੀ ਵਿਚੋਂ 85 ਪ੍ਰਤੀਸ਼ਤ ਨੂੰ ਉੱਜੜਨਾ ਪਿਆ ਹੈ। ਇਜ਼ਰਾਈਲ ਹੁਣ ਵੀ ਹਮਾਸ ਦੇ ਸ਼ਾਸਨ ਤੇ ਸੈਨਿਕ ਸਮਰੱਥਾ ਨੂੰ ਖਤਮ ਕਰਨ ਤੇ ਬਾਕੀ ਬਚੇ 129 ਕੈਦੀਆਂ ਨੂੰ ਰਿਹਾਅ ਕਰਨ ਦੇ ਐਲਾਨੇ ਟੀਚਿਆਂ ਨੂੰ ਮਜ਼ਬੂਤੀ ਨਾਲ ਪੂਰਾ ਕਰਨ ਵਿਚ ਜੁਟਿਆ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਨ੍ਹਾਂ ਵੀ ਹਮਾਸ ਨੂੰ ਗੰਭੀਰ ਝਟਕਾ ਦਿੱਤਾ ਹੈ। ਦੱਸਣਯੋਗ ਹੈ ਕਿ ਜ਼ਮੀਨੀ ਹਮਲੇ ਸ਼ੁਰੂ ਹੋਣ ਮਗਰੋਂ ਮਾਰੇ ਗਏ ਇਜ਼ਰਾਇਲੀ ਸੈਨਿਕਾਂ ਦੀ ਗਿਣਤੀ 152 ਹੋ ਗਈ ਹੈ। ਸ਼ਨਿਚਰਵਾਰ ਰਾਤ ਹਜ਼ਾਰਾਂ ਲੋਕਾਂ ਨੇ ਤਲ ਅਵੀਵ ਵਿਚ ਵਰ੍ਹਦੇ ਮੀਂਹ ਦਰਮਿਆਨ ਰੋਸ ਮੁਜ਼ਾਹਰਾ ਕੀਤਾ ਤੇ ਨੇਤਨਯਾਹੂ ਨੂੰ ਉਪਨਾਮ ਤੋਂ ਸੰਬੋਧਨ ਕਰਦਿਆਂ, ‘ਬੀਬੀ, ਬੀਬੀ, ਅਸੀਂ ਤੈਨੂੰ ਹੋਰ ਨਹੀਂ ਚਾਹੁੰਦੇ’ ਦੇ ਨਾਅਰੇ ਲਾਏ। ਸ਼ਨਿਚਰਵਾਰ ਨੂੰ ਇਜ਼ਰਾਇਲੀ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਸੈਨਾ ਉੱਤਰੀ ਤੇ ਦੱਖਣੀ ਗਾਜ਼ਾ ਵਿਚ ਆਪਣੇ ਹਮਲੇ ਦਾ ਵਿਸਤਾਰ ਕਰ ਰਹੀ ਹੈ, ਤੇ ਸੈਨਿਕ ਗਾਜ਼ਾ ਦੇ ਸ਼ਹਿਰ ਖਾਨ ਯੂਨਿਸ ਵਿਚ ਲੜਾਈ ਲੜ ਰਹੇ ਹਨ। ਇਜ਼ਰਾਈਲ ਦਾ ਮੰਨਣਾ ਹੈ ਕਿ ਹਮਾਸ ਨੇਤਾ ਇੱਥੇ ਹੀ ਲੁਕੇ ਹੋਏ ਹਨ।