ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਚੋਂ ਹਜ਼ਾਰਾਂ ਲੋਕ ਰੁਖ਼ਸਤ

ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਚੋਂ ਹਜ਼ਾਰਾਂ ਲੋਕ ਰੁਖ਼ਸਤ

ਸ਼ਿਫ਼ਾ ਹਸਪਤਾਲ ਦੇ ਬਾਹਰ ਇਜ਼ਰਾਇਲੀ ਫ਼ੌਜ ਅਤੇ ਹਮਾਸ ਵਿਚਕਾਰ ਹੋ ਰਹੀ ਹੈ ਜੰਗ; ਫ਼ੌਜ ਨੇ ਹਸਪਤਾਲ ਲਈ ਦਿੱਤਾ ਈਂਧਣ
ਲੋਕਾਂ ’ਚ ਡਰ ਦਾ ਮਾਹੌਲ; ਹਮਾਸ ਉੱਤੇ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਦੋਸ਼

ਦੀਰ ਅਲ-ਬਾਲਾਹ – ਇਜ਼ਰਾਇਲੀ ਫ਼ੌਜ ਅਤੇ ਹਮਾਸ ਵਿਚਾਲੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫ਼ਾ ਦੇ ਬਾਹਰ ਆਹਮੋ-ਸਾਹਮਣੇ ਦੀ ਲੜਾਈ ਕਾਰਨ ਹਜ਼ਾਰਾਂ ਲੋਕ ਉਥੋਂ ਸੁਰੱਖਿਅਤ ਥਾਂ ਵੱਲ ਚਲੇ ਗਏ ਹਨ। ਫਲਸਤੀਨੀ ਸਿਹਤ ਅਧਿਕਾਰੀਆਂ ਮੁਤਾਬਕ ਬਜਿਲੀ ਨਾ ਹੋਣ ਕਾਰਨ ਦਰਜਨਾਂ ਬੱਚਿਆਂ ਸਮੇਤ ਸੈਂਕੜੇ ਮਰੀਜ਼ਾਂ ਦੀ ਜਾਨ ਖ਼ਤਰੇ ’ਚ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਲਗਾਤਾਰ ਗੋਲਾਬਾਰੀ ਹੋ ਰਹੀ ਹੈ। ਉਂਜ ਫ਼ੌਜ ਨੇ ਕਿਹਾ ਹੈ ਕਿ ਉਨ੍ਹਾਂ ਹਸਪਤਾਲ ਨੇੜੇ 300 ਲਿਟਰ ਈਂਧਣ ਰੱਖਿਆ ਹੈ ਤਾਂ ਜੋ ਜੈਨਰੇਟਰ ਚੱਲ ਸਕਣ ਪਰ ਹਮਾਸ ਦੇ ਅਤਿਵਾਦੀ ਅਮਲੇ ਨੂੰ ਉਥੇ ਜਾਣ ਨਹੀਂ ਦੇ ਰਹੇ। ਸਿਹਤ ਮੰਤਰਾਲੇ ਨੇ ਕਿਹਾ ਕਿ ਈਂਧਣ ਬਹੁਤ ਘੱਟ ਹੈ ਅਤੇ ਇਸ ਨਾਲ ਤਾਂ ਸਿਰਫ਼ ਇਕ ਘੰਟੇ ਦੀ ਹੀ ਬਜਿਲੀ ਮਿਲੇਗੀ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰਸ ਅਧਾਨੌਮ ਗੈਬ੍ਰਿਸਿਸ ਨੇ ਕਿਹਾ ਕਿ ਸ਼ਿਫ਼ਾ ਹਸਪਤਾਲ ’ਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਨਹੀਂ ਹੈ ਅਤੇ ਇਹ ਹੁਣ ਹਸਪਤਾਲ ਨਹੀਂ ਰਿਹਾ ਹੈ। ਇਜ਼ਰਾਈਲ ਆਖਦਾ ਆ ਰਿਹਾ ਹੈ ਕਿ ਹਮਾਸ ਹਸਪਤਾਲ ’ਚ ਬੈਠੇ ਲੋਕਾਂ ਦੀ ਮਨੁੱਖੀ ਢਾਲ ਵਜੋਂ ਵਰਤੋਂ ਕਰ ਰਿਹਾ ਹੈ ਜਦਕਿ ਉਥੇ ਦਹਿਸ਼ਤਗਰਦਾਂ ਦਾ ਕਮਾਂਡ ਸੈਂਟਰ ਅਤੇ ਹੋਰ ਫ਼ੌਜੀ ਬੁਨਿਆਦੀ ਢਾਂਚੇ ਹੋਣ ਦੇ ਪੁਖ਼ਤਾ ਸਬੂਤ ਹਨ। ਹਮਾਸ ਅਤੇ ਹਸਪਤਾਲ ਦੇ ਅਮਲੇ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਗਾਜ਼ਾ ’ਚ ਹਸਪਤਾਲਾਂ ਦੇ ਡਾਇਰੈਕਟਰ ਮੁਹੰਮਦ ਜ਼ਾਕੂਤ ਨੇ ਕਿਹਾ ਕਿ 650 ਮਰੀਜ਼ਾਂ ਦਾ ਸ਼ਿਫ਼ਾ ’ਚ ਇਲਾਜ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਕਰੀਬ 2500 ਫਲਸਤੀਨੀਆਂ ਨੇ ਹਸਪਤਾਲ ਅੰਦਰ ਪਨਾਹ ਲਈ ਹੋਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਹਸਪਤਾਲ ਦਾ ਐਮਰਜੈਂਸੀ ਜੈਨਰੇਟਰ ਬੰਦ ਹੋਣ ਕਾਰਨ ਤਿੰਨ ਬੱਚਿਆਂ ਅਤੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 36 ਹੋਰ ਬੱਚਿਆਂ ਤੇ ਹੋਰ ਮਰੀਜ਼ਾਂ ਦੀ ਜਾਨ ਖ਼ਤਰੇ ’ਚ ਹੈ।