ਗਾਖਲ ਭਰਾਵਾਂ ਵਲੋਂ ਕਰਵਾਇਆ 16ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ

ਗਾਖਲ ਭਰਾਵਾਂ ਵਲੋਂ ਕਰਵਾਇਆ 16ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ

ਯੂਨੀਅਨ ਸਿਟੀ : ਸ੍ਰ. ਅਮੋਲਕ ਸਿੰਘ ਗਾਖਲ ਦੀ ਅਗਵਾਈ ’ਚ ਯੂਨਾਈਟਡ ਸਪੋਰਟਸ ਕਲੱਬ ਅਤੇ ਗਾਖਲ ਗਰੁੱਪ ਵਲੋਂ ਕੈਲੀਫੋਰਨੀਆਂ ਕਬੱਡੀ ਫੈੱਡਰੇਸ਼ਨ ਦੇ ਸਹਿਯੋਗ ਨਾਲ ਇੱਥੇ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ ’ਚ ਕਰਵਾਏ ਗਏ 16ਵੇਂ ਕਬੱਡੀ ਵਿਸ਼ਵ ਕੱਪ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਇਤਿਹਾਸ ਵਿਚ ਸੱਚੀਂ ਹੀ ਇਕ ਨਵਾਂ ਅਧਿਆਏ ਜੋੜ ਦਿੱਤਾ ਹੈ। ਕਬੱਡੀ ਕੱਪ ਦੇ ਮੁਕਾਬਲੇ ਭਾਈ ਇੰਦਰਜੀਤ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਲੋਂ ਕੀਤੀ ਗਈ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ਼ੁਰੂ ਹੋਏ। ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਸੰਦੀਪ ਨੰਗਲ ਅੰਬੀਆਂ ਬੇ ਏਰੀਆ ਸਪੋਰਟਸ ਕਲੱਬ ਅਤੇ ਨੌਰਥ ਅਮੈਰਿਕਾ ਚੜ੍ਹਦਾ ਪੰਜਾਬ ਕਬੱਡੀ ਕਲੱਬ ਦਰਮਿਆਨ ਐਨਾ ਸਖਤ ਸੀ ਕਿ ਦਰਸ਼ਕ ਅਨੁਮਾਨ ਹੀ ਨਹੀਂ ਲਗਾ ਸਕਦੇ ਸਨ ਕਿ ਕੌਣ ਜਿੱਤੇਗਾ ਤੇ ਕੌਣ ਹਾਰੇਗਾ। ਹਰ ਦਰਸ਼ਕ ਦੇ ਦਿਲ ਦੀ ਧੜ੍ਹਕਣ ਖਿਡਾਰੀਆਂ ਦੀ ਇਕ ਇਕ ਰੇਡ ਨਾਲ ਬੱਝੀ ਹੋਈ ਸੀ। 46.5 ਅੰਕਾਂ ਦੇ ਮੁਕਾਬਲੇ ਨੌਰਥ ਅਮੈਰਿਕਾ ਚੜ੍ਹਦਾ ਪੰਜਾਬ ਕਬੱਡੀ ਕਲੱਬ ਦੀ ਟੀਮ ਨੇ 47 ਅੰਕਾਂ ਨਾਲ ਵਿਸ਼ਵ ਕਬੱਡੀ ਕੱਪ ਉੱਤੇ ਆਪਣਾ ਕਬਜ਼ਾ ਕਰ ਲਿਆ। ਕਿੰਗਸ ਸਪੋਰਟਸ ਕਲੱਬ ਅਤੇ ਬਾਬਾ ਸੰਗ ਜੀ ਕਬੱਡੀ ਕਲੱਬ ਦੀਆਂ ਟੀਮਾਂ ਕ੍ਰਮਵਾਰ ਤੀਜੇ ਅਤੇ ਚੌਥੇ ਨੰਬਰ ’ਤੇ ਰਹੀਆਂ ਜਦਕਿ ਅੰਡਰ-21 ਮੁਕਾਬਲਿਆਂ ਵਿਚ ਵੈੱਸਟ ਕੋਸਟ ਸਪੋਰਟਸ ਕਲੱਬ ਫਰਿਜ਼ਨੋਂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋਂ ਦੀਆਂ ਟੀਮਾਂ ਨੂੰ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਮਿਲਿਆ। ਸੁਲਤਾਨ ਸੌਂਸਪੁਰ ਉੱਤਮ ਧਾਵੀ ਅਤੇ ਖੁਸ਼ੀ ਦੁੱਗਾਂ ਉੱਤਮ ਜਾਫ਼ੀ ਐਲਾਨੇ ਗਏ। ਗਾਖਲ ਭਰਾਵਾਂ ਸ੍ਰ. ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਦੀ ਖੇਡਾਂ ਦੇ ਖੇਤਰ ਦੇ ਨਾਲ ਨਾਲ ਸਮਾਜਿਕ ਤੇ ਧਾਰਮਿਕ ਸੇਵਾਵਾਂ ਦੀ ਸਮੁੱਚੇ ਅਮਰੀਕਾ ’ਚ ਹਮੇਸ਼ਾ ਵਡਿਆਈ ਕੀਤੀ ਜਾਂਦੀ ਰਹੀ ਹੈ। ਇਸ ਮੌਕੇ ’ਤੇ ਬੋਲਦਿਆਂ ਸ੍ਰ. ਅਮੋਲਕ ਸਿੰਘ ਗਾਖਲ ਨੇ ਅਗਲੇ ਸਾਲ ਦੇ ਕਬੱਡੀ ਕੱਪ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸਾਰਾ ਖੇਡ ਮੇਲਾ ਸਪਾਂਸਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਸਫ਼ਲ ਹੋਇਆ ਹੈ, ਉਹ ਸਭ ਦੇ ਰਿਣੀ ਹਨ। ਉਹਨਾਂ ਸਹਿਯੋਗ ਲਈ ਕੈਲੀਫੋਰਨੀਆਂ ਕਬੱਡੀ ਫੈੱਡਰੇਸ਼ਨ ਅਤੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, ਸਾਰੀਆਂ ਖੇਡ ਕਲੱਬਾਂ ਅਤੇ ਖੇਡ ਪ੍ਰੇਮੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਆਖਰੀ ਸਾਹ ਤੱਕ ਮਾਂ ਖੇਡ ਕਬੱਡੀ ਨੂੰ ਸਮਰਪਿਤ ਰਹਿਣਗੇ। ਇਸ ਕਬੱਡੀ ਕੱਪ ਵਿਚ ਤਕਨੀਕੀ ਸੇਵਾਵਾਂ ਨਿਭਾਉਣ ’ਚ ਤੀਰਥ ਸਿੰਘ ਗਾਖਲ ਤੇ ਮੱਖਣ ਸਿੰਘ ਧਾਲੀਵਾਲ ਦਾ ਅਹਿਮ ਯੋਗਦਾਨ ਰਿਹਾ। ਸਿੱਖ ਭਾਈਚਾਰੇ ਦਾ ਮਾਣ ਅਤੇ ਅਮਰੀਕੀ ਰਾਜਨੀਤੀ ’ਚ ਸਰਗਰਮ ਮੈਨੀ ਗਰੇਵਾਲ ਇਸ ਖੇਡ ਮੇਲੇ ’ਚ ਆਪਣੇ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਉਚੇਚੇ ਤੌਰ ’ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ।
ਇਹ 16ਵਾਂ ਵਿਸ਼ਵ ਕਬੱਡੀ ਕੱਪ ਜਿੱਥੇ ਸਵ. ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਸਮਰਪਿਤ ਸੀ ਉੱਥੇ ਗਾਖਲ ਭਰਾਵਾਂ ਨੇ ਆਪਣੇ ਪਿਤਾ ਨਸੀਬ ਸਿੰਘ ਗਾਖਲ ਜੋ ਆਪਣੇ ਵੇਲੇ ਦੇ ਨਾਮੀ ਭਲਵਾਨ ਰਹੇ ਹਨ ਤੇ ਕਬੱਡੀ ਦੇ ਨਾਮੀ ਖਿਡਾਰੀ ਰਹੇ ਮੱਖਣ ਸਿੰਘ ਬੈਂਸ ਦੇ ਮਰਹੂਮ ਪਿਤਾ ਸ੍ਰ. ਮੇਜਰ ਸਿੰਘ ਬੈਂਸ ਅਤੇ ਗਿਆਨੀ ਰਵਿੰਦਰ ਸਿੰਘ ਦੇ ਸਮਾਜ ਸੇਵੀ ਪਿਤਾ ਮਰਹੂਮ ਪੂਰਨ ਸਿੰਘ ਗਹੂੰਣੀਆਂ ਨੂੰ ਵੀ ਯਾਦ ਕੀਤਾ ਗਿਆ। ਇਸ ਕੱਪ ਦਾ ਪਹਿਲਾ ਇਨਾਮ ਡਾਇਮੰਡ ਟਰੱਕਿੰਗ ਦੇ ਗੁਲਵਿੰਦਰ ਸਿੰਘ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਵਲੋਂ ਦਿੱਤਾ ਗਿਆ ਜਦੋਂ ਕਿ ਦੂਜਾ ਇਨਾਮ ਸਹੋਤਾ ਭਰਾਵਾਂ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਵਲੋਂ ਆਪਣੇ ਪਿਤਾ ਸਵ. ਕਸ਼ਮੀਰ ਸਿੰਘ ਦੀ ਯਾਦ ’ਚ ਦਿੱਤਾ ਗਿਆ। ਤੀਜਾ ਇਨਾਮ ਬੋਪਾਰਾਏ ਭਰਾਵਾਂ ਜਸਵਿੰਦਰ ਸਿੰਘ ਬੋਪਾਰਾਏ, ਦਲਵੀਰ ਸਿੰਘ ਬੋਪਾਰਾਏ, ਮਾਈਕ ਬੋਪਾਰਾਏ, ਗੁਰਦੇਵ ਬੋਪਾਰਾਏ ਅਤੇ ਬਲਜੀਤ ਬਾਸੀ ਵਲੋਂ ਸੀ। ਚੌਥਾ ਇਨਾਮ ਮਰਹੂਮ ਮਹਿੰਗਾ ਸਿੰਘ ਸਰਾਏ ਦੇ ਪਰਿਵਾਰ ਵਲੋਂ ਦਿੱਤਾ ਗਿਆ। ਇਸ ਖੇਡ ਮੇਲੇ ’ਚ ਪੰਜਾਬ ਟਾਈਮਜ਼ ਯੂ.ਐੱਸ.ਏ ਦੇ ਮਰਹੂਮ ਸੰਪਾਦਕ ਅਮੋਲਕ ਸਿੰਘ ਜੰਮੂ ਅਤੇ ਕਬੱਡੀ ਖਿਡਾਰੀ ਸਵ. ਹਾਸੂਸ ਚਾਵੇਜ਼ ਦੇ ਪਰਿਵਾਰਾਂ ਨੂੰ ਉਚੇਚੇ ਤੌਰ ’ਤੇ ਸਨਮਾਨ ਦਿੱਤਾ ਗਿਆ। ਕੈਲੀਫੋਰਨੀਆਂ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, ਸਰਵਣ ਸਿੰਘ ਬੱਲ ਅਤੇ ਦੁੱਲਾ ਸੁਰਖਪੁਰ ਨੂੰ ਗੋਲਡ ਮੈਡਲ ਜਦਕਿ ਜੌਹਨ ਗਿੱਲ, ਬਲਜੀਤ ਸੰਧੂ, ਤੀਰਥ ਗਾਖਲ, ਵਿੱਕੀ ਸੰਮੀਪੁਰ, ਤਾਰੀ ਡੱਬ ਅਤੇ ਮੇਜਰ ਗਾਖਲ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ।
ਯੂਨਾਈਟਡ ਸਪੋਰਟਸ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਤੋਂ ਸਿਵਾ ਦੇਬੀ ਸੋਹਲ, ਇੰਦਰਜੀਤ ਥਿੰਦ, ਗੁਰਪ੍ਰੀਤ ਸਿੰਘ ਗੋਪੀ ਗਾਖਲ, ਗਿਆਨੀ ਰਵਿੰਦਰ ਸਿੰਘ, ਬਲਜਿੰਦਰ ਸਿੰਘ ਗਾਖਲ, ਹਰਜਿੰਦਰ ਸਿੰਘ ਲਿੱਧੜ, ਅਮਰਦੀਪ ਸਿੰਘ, ਬਲਜਿੰਦਰ ਸਿੰਘ, ਕਿਰਨਦੀਪ ਸਿੰਘ ਤੇ ਧੰਨਾ ਸਿੰਘ ਕੋਚ ਨੇ ਆਪੋ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ।
‘ਫੈਸਲਾ’ ਫੇਮ ਫੋਕ ਗਾਇਕ ਬੁੱਕਣ ਜੱਟ ਨੇ ਆਪਣੇ ਗੀਤਾਂ ਨਾਲ ਖੇਡ ਮੈਦਾਨ ’ਚ ਪ੍ਰਬੰਧਕਾਂ ਨੂੰ ਵੀ ਨੱਚਣ ਲਾ ਦਿੱਤਾ। ਰਾਜਾ ਸਵੀਟਸ, ਗੁਰਦੁਆਰਾ ਸਾਹਿਬ ਸਟਾਕਟਨ, ਸੈਨਹੋਜ਼ੇ ਅਤੇ ਫਰੀਮਾਂਟ ਵਲੋਂ ਹਜ਼ਾਰਾਂ ਦਰਸ਼ਕਾਂ ਲਈ ਲੰਗਰ ਦੀ ਸੇਵਾ ਕੀਤੀ ਗਈ। ਇਸ ਕਬੱਡੀ ਕੱਪ ’ਚ ਉੱਤਰੀ ਅਮਰੀਕਾ ਤੋਂ ਹੀ ਨਹੀਂ ਸਗੋਂ ਭਾਰਤ ਸਮੇਤ ਯੂਰੋਪ ਤੋਂ ਵੀ ਕਬੱਡੀ ਪ੍ਰੇਮੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਕਲੱਬ ਦੇ ਚੇਅਰਮੈਨ ਮੱਖਣ ਸਿੰਘ ਬੈਂਸ, ਉਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਜਗਰਾਜ ਸਿੰਘ ਸਹੋਤਾ, ਵਿੱਤ ਸਕੱਤਰ ਨਰਿੰਦਰ ਸਿੰਘ ਸਹੋਤਾ, ਸਾਧੂ ਸਿੰਘ ਖਲੌਰ, ਨੱਥਾ ਸਿੰਘ ਗਾਖਲ ਦੀਆਂ ਇਸ ਕਬੱਡੀ ਕੱਪ ਲਈ ਸੇਵਾਵਾਂ ਸਲਾਹੁਣਯੋਗ ਸਨ। ਮੰਚ ਸੰਚਾਲਨ ਐੱਸ.ਅਸ਼ੋਕ ਭੌਰਾ ਤੇ ਆਸ਼ਾ ਸ਼ਰਮਾ ਨੇ ਕੀਤਾ। ਦਰਸ਼ਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਿਤ ਹੁੰਦਿਆਂ ਸ੍ਰ. ਅਮੋਲਕ ਸਿੰਘ ਗਾਖਲ ਨੇ ਵਾਅਦਾ ਕੀਤਾ ਕਿ ਉਹ ਮਾਂ ਖੇਡ ਕਬੱਡੀ ਲਈ ਆਪਣੇ ਪਿਤਾ ਸ੍ਰ. ਨਸੀਬ ਸਿੰਘ ਗਾਖਲ ਦੀਆਂ ਪਾਈਆਂ ਪੈੜਾਂ ’ਤੇ ਇਉਂ ਹੀ ਸਾਰੀ ਉਮਰ ਚੱਲਦੇ ਨਵਾਂ ਇਤਿਹਾਸ ਸਿਰਜਣ ਦਾ ਯਤਨ ਕਰਦੇ ਰਹਿਣਗੇ। ਇਹ ਖੇਡ ਮੇਲਾ ਮਰਹੂਮ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਸੀ ਅਤੇ ਇਸ ਮੇਲੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਉਸਦੀ ਧਰਮ ਪਤਨੀ ਰੁਪਿੰਦਰ ਕੌਰ ਸੰਧੂ ਤੇ ਦੋਵੇਂ ਛੋਟੇ ਛੋਟੇ ਸਪੁੱਤਰਾਂ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।