ਗ਼ੈਰ-ਇਸਲਾਮੀ ਵਿਆਹ ਕੇਸ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 7-7 ਸਾਲ ਦੀ ਕੈਦ

ਗ਼ੈਰ-ਇਸਲਾਮੀ ਵਿਆਹ ਕੇਸ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 7-7 ਸਾਲ ਦੀ ਕੈਦ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਅਦਾਲਤ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ‘ਗ਼ੈਰ-ਇਸਲਾਮੀ ਨਿਕਾਹ’ ਨਾਲ ਸਬੰਧਤ ਕੇਸ ਵਿੱਚ ਅੱਜ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬੁਸ਼ਰਾ ਬੀਬੀ ਦੇ ਪਹਿਲੇ ਪਤੀ ਖਾਵਰ ਮਾਨੇਕਾ ਨੇ ਇਹ ਕੇਸ ਦਰਜ ਕਰਵਾਇਆ ਸੀ ਜਿਸ ’ਚ ਉਸ ਨੇ ਦੋਸ਼ ਲਾਇਆ ਸੀ ਕਿ ਬੁਸ਼ਰਾ ਨੇ ਦੋ ਵਿਆਹਾਂ ਵਿਚਾਲੇ ਲਾਜ਼ਮੀ ਵਕਫ਼ੇ ਜਾਂ ਇੱਦਤ ਦੀ ਇਸਲਾਮੀ ਰਵਾਇਤ ਦੀ ਉਲੰਘਣਾ ਕੀਤੀ ਹੈ। ਮਾਨੇਕਾ ਨੇ ਬੁਸ਼ਰਾ ਬੀਬੀ ਤੇ ਪੀਟੀਆਈ ਦੇ ਬਾਨੀ ਇਮਰਾਨ ਖਾਨ ’ਤੇ ਵਿਆਹ ਤੋਂ ਪਹਿਲਾਂ ਸਬੰਧ ਰੱਖਣ ਦਾ ਦੋਸ਼ ਵੀ ਲਾਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਕੰਪਲੈਕਸ ਅੰਦਰ 14 ਘੰਟੇ ਤੱਕ ਕੇਸ ਦੀ ਸੁਣਵਾਈ ਤੋਂ ਇੱਕ ਬਾਅਦ ਸੀਨੀਅਰ ਸਿਵਲ ਜੱਜ ਕੁਦਰਤੁੱਲ੍ਹਾ ਨੇ ਅੱਜ ਇਹ ਫ਼ੈਸਲਾ ਸੁਣਾਇਆ ਹੈ। ਖ਼ਬਰ ਅਨੁਸਾਰ ਦੋਵਾਂ ਨੂੰ 5-5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਫ਼ੈਸਲਾ ਸੁਣਾਏ ਜਾਣ ਸਮੇਂ ਖਾਨ ਤੇ ਬੁਸ਼ਰਾ ਦੋਵੇਂ ਅਦਾਲਤ ਦੇ ਕਮਰੇ ’ਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ’ਚ 71 ਸਾਲ ਇਮਰਾਨ ਨੂੰ ਖੁਫੀਆ ਦਸਤਾਵੇਜ਼ ਮਾਮਲੇ ’ਚ 10 ਸਾਲ ਤੇ ਤੋਸ਼ਾਖਾਨਾ ਮਾਮਲੇ ’ਚ 14 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸੇ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਕਿਹਾ ਕਿ ਉਹ ਅਦਾਲਤ ਦੇ ਇਸ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਜਾਣਗੇ।

ਪਾਕਿਸਤਾਨ ’ਚ ਆਮ ਚੋਣਾਂ ਦੇ ਮੱਦੇਨਜ਼ਰ ਅਮਰੀਕਾ ਵੱਲੋੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਇਸਲਾਮਾਬਾਦ: ਅਮਰੀਕਾ ਨੇ ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੇ ਮੱਦੇਨਜ਼ਰ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਅਤੇ ਚੋਣਾਂ ਸਬੰਧੀ ਸੰਭਾਵਿਤ ਹਿੰਸਾ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਸ਼ੁੱਕਰਵਾਰ ਨੂੰ ਐਡਵਾਈਜ਼ਰੀ ਕੀਤੀ ਅਤੇ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਹੋਣ ਵਾਲੀਆਂ ਸਿਆਸੀ ਰੈਲੀਆਂ ਦੀਆਂ ਥਾਵਾਂ ਬਾਰੇ ਚੌਕਸ ਤੇ ਜਾਗਰੂਕ ਰਹਿਣ ਲਈ ਆਖਿਆ, ਜਿੱਥੇ ਉਨ੍ਹਾਂ ਨੇ ਜਾਣਾ ਹੈ। ਐਡਵਾਈਜ਼ਰੀ ’ਚ ਕਿਹਾ ਗਿਆ ਕਿ 8 ਫਰਵਰੀ ਨੂੰ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਵਾਲੇ ਇਲਾਕਿਆਂ ’ਚ ਭੀੜ ਹੋਵੇਗੀ ਅਤੇ ਅਮਰੀਕੀ ਨਾਗਰਿਕ ਪਾਕਿਸਤਾਨ ਦੀਆਂ ਚੋਣਾਂ ’ਚ ਹਿੱਸਾ ਲੈਣ ਲਈ ਯੋਗ ਨਹੀਂ ਹਨ, ਜਿਸ ਲਈ ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਸਫਾਤਰਖ਼ਾਨੇ ਨੇ ਕਿਹਾ ਕਿ ਪਾਕਿਸਤਾਨ ’ਚ ਸਿਆਸੀ ਪਾਰਟੀਆਂ ਵੱਲੋਂ ਸਰਗਰਮੀ ਨਾਲ ਮਾਰਚ, ਰੈਲੀਆਂ ਤੇ ਭਾਸ਼ਣ ਹੋ ਰਹੇ ਹਨ, ਜੋ ਕਿ ਕਿਸੇ ਵੀ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਹਨ। ਹਾਲਾਂਕਿ ਇਸ ਵਿੱਚ ਅੱਗੇ ਕਿਹਾ ਗਿਆ ਕਿ ਅਜਿਹੇ ਜਨਤਕ ਸਮਾਗਮਾਂ ਨਾਲ ਆਵਾਜਾਈ ਜਾਮ ਹੋਣ, ਖੁੱਲ੍ਹੇ ਤਰੀਕੇ ਨਾਲ ਘੁੰਮਣ ਅਤੇ ਸੁਰੱਖਿਆ ’ਚ ਵਿਘਨ ਪੈਣ ਦੀ ਸੰਭਾਵਨਾ ਹੁੰਦੀ ਹੈ। ਐਡਵਾਈਜ਼ਰੀ ਮੁਤਾਬਕ ਚੋਣਾਂ ਵਾਲੇ ਦਿਨ ਇੰਟਰਨੈੱਟ ਅਤੇ ਫੋਨ ਸੇਵਾਵਾਂ ਵੀ ਬੰਦ ਰਹਿ ਸਕਦੀਆਂ ਹਨ। ਉਸ ਦਿਨ ਜਨਤਕ ਇਕੱਠ ਵਾਲੀਆਂ ਥਾਵਾਂ ਆਦਿ ’ਤੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਅਮਰੀਕੀ ਸਫ਼ਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਸਥਾਨਕ ਮੀਡੀਆ ’ਤੇ ਨਜ਼ਰ ਰੱਖਣ, ਆਪਣੇ ਸ਼ਨਾਖਤੀ ਦਸਤਾਵੇਜ਼ ਕੋਲ ਰੱਖਣ ਅਤੇ ਪੁਲੀਸ ਨੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।