ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਵਾਲੇ ਦੋ ਭਾਰਤੀਆਂ ਸਣੇ ਪੰਜ ਗ੍ਰਿਫ਼ਤਾਰ

ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਵਾਲੇ ਦੋ ਭਾਰਤੀਆਂ ਸਣੇ ਪੰਜ ਗ੍ਰਿਫ਼ਤਾਰ

ਨਿਊਯਾਰਕ- ਕੈਨੇਡਾ ਤੋਂ ਬੇੜੀ ਰਾਹੀਂ ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਦੋ ਭਾਰਤੀਆਂ ਸਣੇ ਪੰਜ ਵਿਅਕਤੀਆਂ ਨੂੰ ਅਮਰੀਕਾ ਦੀ ਬਾਰਡਰ ਅਥਾਰਿਟੀ ਨੇ ਕਾਬੂ ਕੀਤਾ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਅਮਰੀਕਾ ਦੇ ਬਾਰਡਰ ’ਤੇ ਗਸ਼ਤੀ ਟੀਮ ਨੇ ਮਿਸ਼ੀਗਨ ਵਿੱਚ ਅਲਗੋਨੇਕ ਨੇੜਿਉਂ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਿਆਨ ਮੁਤਾਬਕ ਸਰਹੱਦ ’ਤੇ ਗਸ਼ਤ ਕਰਨ ਵਾਲੀ ਟੀਮ ਨੇ 20 ਫਰਵਰੀ ਨੂੰ ਦੇਰ ਰਾਤ ਸਰਵੇਲੈਂਸ ਵੀਡੀਓ ਵਿੱਚ ਸੇਂਟ ਕਲੇਅਰ ਨਦੀ ’ਤੇ ਸਮੁੰਦਰੀ ਜਹਾਜ਼ ਨੂੰ ਸਮੱਗਲਿੰਗ ਰੂਟ ਨੇੜੇ ਕੌਮਾਂਤਰੀ ਸਰਹੱਦ ਪਾਰ ਕਰਦੇ ਦੇਖਿਆ। ਇਸ ਮਗਰੋਂ ਉਨ੍ਹਾਂ ਤੁਰੰਤ ਆਪਣੇ ਸਾਥੀਆਂ ਦੇ ਧਿਆਨ ਵਿੱਚ ਲਿਆਂਦਾ। ਇਸ ’ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਪੰਜਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਕੈਨੇਡਾ ਤੋਂ ਕਿਸ਼ਤੀ ਰਾਹੀਂ ਬਾਰਡਰ ਪਾਰ ਕਰਨ ਦੀ ਗੱਲ ਮੰਨੀ। ਮਗਰੋਂ ਇਨ੍ਹਾਂ ਨੂੰ ਸਥਾਨਕ ਸਟੇਸ਼ਨ ’ਚ ਭੇਜ ਦਿੱਤਾ ਗਿਆ ਹੈ। ਸੀਬੀਪੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਜਣੇ ਭਾਰਤ ਜਦੋਂ ਬਾਕੀ ਤਿੰਨ ਨਾਇਜੀਰੀਆ, ਮੈਕਸਿਕੋ ਅਤੇ ਡੋਮੀਨਿਕਨ ਰਿਪਬਲਿਕ ਨਾਲ ਸਬੰਧਿਤ ਹਨ।