ਗ਼ਦਰੀ ਬਾਬਿਆਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਲੋਂ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ

ਗ਼ਦਰੀ ਬਾਬਿਆਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਲੋਂ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ

ਭਾਈ ਸਾਹਿਬ ਦੀ ਸ਼ਹਾਦਤ ਯੁੱਗਾਂ ਤੱਕ ਯਾਦ ਰੱਖੀ ਜਾਵੇਗੀ : ਭਾਈ ਹਰਮਿੰਦਰ ਸਿੰਘ ਸਮਾਣਾ


ਸਟਾਕਟਨ/ਕੈਲੀਫੋਰਨੀਆ : ਗ਼ਦਰੀ ਬਾਬਿਆਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ ਨਾਲ ਸ਼ਰਧਾਜਲੀ ਦਿੱਤੀ ਗਈ। ਵੱਖ-ਵੱਖ ਪੰਥ ਦੇ ਪ੍ਰਸਿੱਧ ਕੀਰਤਨੀਏ, ਕਥਾਵਾਚਕ ਅਤੇ ਪੰਥਕ ਬੁਲਾਰਿਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਡਾ. ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੀਨੀਅਰ ਸਿੱਖ ਆਗੂ ਭਾਈ ਸੁਖਵਿੰਦਰ ਸਿੰਘ ਥਾਣਾ, ਗੁਰਦੁਆਰਾ ਸਾਹਿਬ ਸਟਾਕਟਨ ਦੇ ਜਨਰਲ ਸੈਕਟਰੀ ਸ੍ਰ. ਜਤਿੰਦਰ ਸਿੰਘ ਪੰਮਾ ਆਦਿ ਹਨ।
ਇਸ ਬਾਰੇ ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਜਥੇਬੰਦੀ ਦੇ ਅਮਰੀਕਾ ਤੋਂ ਬੁਲਾਰੇ ਭਾਈ ਹਰਮਿੰਦਰ ਸਿੰਘ ਸਮਾਣਾ ਨੇ ਉਨ੍ਹਾਂ ਦੀ ਜੀਵਨੀ ਉਪਰ ਵਿਸਥਾਰਪੂਰਵਕ ਚਾਨਣਾ ਪਾਇਆ। ਭਾਈ ਹਰਮਿੰਦਰ ਸਿੰਘ ਸਮਾਣਾ ਨੇ ਕੋਈ ਸਿਆਸੀ ਸਪੀਚ ਨਹੀਂ ਕੀਤੀ ਸਗੋਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੇ ਪਰਿਵਾਰ ਨੇ ਪੰਥ ਲਈ ਸ਼ਹਾਦਤਾਂ ਦੀ ਝੜੀ ਲਾ ਦਿੱਤੀ। ਦਾਦਾ ਪਿਓ, ਮਾਤਾ, ਭਰਾ ਅਤੇ ਹੋਰ ਕਈ ਪਰਿਵਾਰਾਂ ਦੇ ਜੀਅ ਅਸਹਿ ਤੇ ਅਕਹਿ ਤਸੀਹੇ ਝੱਲਦੇ ਹੋਏ ਕੁਰਬਾਨ ਹੋ ਗਏ। ਭਾਈ ਸਮਾਣਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਈ ਪਰਮਜੀਤ ਸਿੰਘ ਜੀ ਪੰਜਵੜ ਇੱਕ ਬਹੁਤ ਹੀ ਨੇਕ ਮਿਠੇ ਅਤੇ ਦਿਆਲੂ ਸੁਭਾਅ ਦੇ ਵਿਅਕਤੀ ਸਨ ਜਿਨ੍ਹਾਂ ਨੇ ਆਖਰੀ ਸਾਹ ਤੱਕ ਕੌਮ ਦੀ ਸੇਵਾ ਕੀਤੀ। ਅਸੀਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਅਤੇ ਭਾਈ ਸਾਹਿਬ ਦੀ ਸ਼ਹਾਦਤ ਯੁੱਗਾਂ ਤੱਕ ਯਾਦ ਰੱਖੀ ਜਾਵੇਗੀ।