ਗਰੀਬਾਂ ਅਤੇ ਜਾਨਵਰਾਂ ਨੂੰ ਜੀ-20 ਦੇ ਆਗੂਆਂ ਤੋਂ ਲੁਕਾ ਰਹੀ ਹੈ ਸਰਕਾਰ: ਰਾਹੁਲ

ਗਰੀਬਾਂ ਅਤੇ ਜਾਨਵਰਾਂ ਨੂੰ ਜੀ-20 ਦੇ ਆਗੂਆਂ ਤੋਂ ਲੁਕਾ ਰਹੀ ਹੈ ਸਰਕਾਰ: ਰਾਹੁਲ

ਨਵੀਂ ਦਿੱਲੀ- ਕਾਂਗਰਸ ਨੇ ਅੱਜ ਸਰਕਾਰ ’ਤੇ ਜੀ-20 ਸਿਖਰ ਸੰਮੇਲਨ ਦੇ ਮੱਦੇਨਜ਼ਰ ਗਰੀਬਾਂ ਦੀਆਂ ਝੁੱਗੀਆਂ ਨੂੰ ਢਕਣ ਤੇ ਤਬਾਹ ਕਰਨ ਅਤੇ ਲਾਵਾਰਸ ਜਾਨਵਰਾਂ ਨੂੰ ਫੜਨ ਦਾ ਦੋਸ਼ ਲਾਇਆ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘ਭਾਰਤ ਦੀ ਅਸਲੀਅਤ ਸਾਡੇ ਮਹਿਮਾਨਾਂ ਤੋਂ ਲੁਕਾਉਣ ਦੀ ਕੋਈ ਲੋੜ ਨਹੀਂ ਹੈ।’ ਕਾਂਗਰਸ ਨੇ ਐਕਸ ’ਤੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਅੱਜ ਇੱਥੇ ਸ਼ੁਰੂ ਹੋਏ ਦੋ ਰੋਜ਼ਾ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਝੁੱਗੀ-ਝੌਂਪੜੀ ਵਾਲੇ ਇਲਾਕੇ ਹਰੇ ਕੱਪੜੇ ਨਾਲ ਢਕੇ ਦਿਖਾਈ ਦਿੱਤੇ। ਰਾਹੁਲ ਗਾਂਧੀ ਐਕਸ ’ਤੇ ਪੋਸਟ ਕੀਤਾ, ‘ਭਾਰਤ ਸਰਕਾਰ ਸਾਡੇ ਗਰੀਬਾਂ ਤੇ ਬੇਜ਼ੁਬਾਨ ਜਾਨਵਰਾਂ ਨੂੰ ਲੁਕਾਉਣ ’ਚ ਲੱਗੀ ਹੋਈ ਹੈ। ਭਾਰਤ ਦੀ ਸੱਚਾਈ ਸਾਡੇ ਮਹਿਮਾਨਾਂ ਤੋਂ ਲੁਕਾਉਣ ਦੀ ਕੋਈ ਲੋੜ ਨਹੀਂ ਹੈ।’ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਝੁੱਗੀਆਂ ਨੂੰ ਜਾਂ ਤਾਂ ਢਕ ਦਿੱਤਾ ਗਿਆ ਹੈ ਜਾਂ ਢਾਹ ਦਿੱਤਾ ਗਿਆ ਹੈ ਜਿਸ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ। ਪ੍ਰਧਾਨ ਮੰਤਰੀ ਦਾ ਅਕਸ ਚਮਕਾਉਣ ਲਈ ਪਸ਼ੂ ਬੇਰਹਿਮੀ ਨਾਲ ਫੜੇ ਗਏ ਹਨ।’