ਗਣਤੰਤਰ ਦਿਵਸ: ਸਪੈਸ਼ਲ ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

ਗਣਤੰਤਰ ਦਿਵਸ: ਸਪੈਸ਼ਲ ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

ਐੱਸਐੱਸਪੀ ਸਣੇ ਹੋਰ ਅਧਿਕਾਰੀਆਂ ਨਾਲ਼ ਮੀਟਿੰਗ ਕਰਕੇ ਦਿੱਤੇ ਦਿਸ਼ਾ ਨਿਰਦੇਸ਼
ਪਟਿਆਲਾ- ਗਣਤੰਤਰ ਦਿਵਸ ਸਬੰਧੀ ਐਤਕੀ ਰਾਜ ਵਿਆਪੀ ਪ੍ਰੋਗਰਾਮ ਪਟਿਆਲਾ ’ਚ ਹੋਵੇਗਾ। ਇਸ ਦੌਰਾਨ ਇਥੇ ਪੋਲੋ ਗਰਾਊਂਡ ਵਿਖੇ ਹੋਣ ਵਾਲੇ ਇਸ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਬੰਧੀ ਸਰਕਾਰੀ ਪੱਧਰ ’ਤੇ ਹਰ ਪੱਖ ਤੋਂ ਤਿਆਰੀਆਂ ਜਾਰੀ ਹਨ। ਜਿਥੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠਾਂ ਸਿਵਲ ਪ੍ਰਸਾਸ਼ਨ ਪੱਬਾਂ ਭਾਰ ਹੋਇਆ ਫਿਰਦਾ ਹੈ, ਉਥੇ ਹੀ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਫੋਰਸ ਨੇ ਵੀ ਸੁਰੱਖਿਆ ਦੇ ਪੱਖ ਤੋਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਪੁਲੀਸ ਵੱਲੋਂ ਸ਼ਹਿਰ, ਖਾਸ ਕਰਕੇ ਸਮਾਗਮ ਸਥਾਨ ਵਾਲ਼ੇ ਇਲਾਕੇ ’ਚ ਨਾਕੇ ਲਗਾ ਕੇ ਗਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਖੇਤਰ ’ਚ ਰਾਤ ਸਮੇਂ ਵੀ ਪੁਲੀਸ ਮੁਲਾਜ਼ਮ ਫੇਰੀ ਪਾਉਂਦੇ ਰਹਿੰਦੇ ਹਨ।

ਇਸੇ ਕੜੀ ਤਹਿਤ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਪੁਲੀਸ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਅੱਜ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰਾਨ ਉਹ ਉਚੇਚੇ ਤੌਰ ’ਤੇ ਸਮਾਗਮ ਸਥਾਨ, ਪੋਲੋ ਗਰਾਊਂਡ ਵਿਖੇ ਵੀ ਗਏ । ਉਨ੍ਹਾਂ ਨਾਲ ਐੱਸਐੱਸਪੀ ਵਰੁਣ ਸ਼ਰਮਾ, ਐੱਸਪੀ (ਸਿਟੀ) ਸਰਫਰਾਜ ਆਲਮ, ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਟਿਵਾਣਾ ਤੇ ਕਰਨੈਲ ਸਿੰਘ ਸਣੇ ਇਲਾਕੇ ਦੇ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਸਬੰਧਤ ਪੁਲੀਸ ਚੌਕੀ ਅਫਸਰ ਕਲੋਨੀ ਦੇ ਇੰਚਾਰਜ ਜਜਵਿੰਦਰ ਸਿੰਘ ਜੇਜੀ ਵੀ ਮੌਜੂਦ ਰਹੇ। ਇਸ ਮੌਕੇ ਅਰਪਿਤ ਸ਼ੁਕਲਾ ਨੇ ਜਿੱਥੇ ਐੱਸਐੱਸਪੀ ਵਰੁਣ ਸ਼ਰਮਾ ਕੋਲ਼ੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ, ਉਥੇ ਹੀ ਉਨ੍ਹਾਂ ਪੁਲੀਸ ਅਧਿਕਾਰੀਆ ਨਾਲ ਮੀਟਿੰਗ ਕਰਕੇ ਕੁਝ ਦਿਸ਼ਾ ਨਿਰਦੇਸ਼ ਵੀ ਦਿੱਤੇ।