ਖੇਤੀ ’ਤੇ ਸਾਲਾਨਾ 6.5 ਲੱਖ ਕਰੋੜ ਰੁਪਏ ਖਰਚ ਰਹੇ ਹਾਂ: ਮੋਦੀ

ਖੇਤੀ ’ਤੇ ਸਾਲਾਨਾ 6.5 ਲੱਖ ਕਰੋੜ ਰੁਪਏ ਖਰਚ ਰਹੇ ਹਾਂ: ਮੋਦੀ

ਸਿਰਫ਼ ਵਾਅਦੇ ਨਹੀਂ ਕਰਦੇ ਸਗੋਂ ਉਨ੍ਹਾਂ ਨੂੰ ਪੂਰਾ ਵੀ ਕਰਦੇ ਹਾਂ: ਪ੍ਰਧਾਨ ਮੰਤਰੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਖੇਤੀਬਾੜੀ ਸੈਕਟਰ ਅਤੇ ਕਿਸਾਨਾਂ ਲਈ ਸਾਲਾਨਾ 6.5 ਲੱਖ ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਕੇਂਦਰ ਸਿਰਫ਼ ਖੋਖਲੇ ਵਾਅਦੇ ਨਹੀਂ ਕਰਦਾ ਸਗੋਂ ੳੁਨ੍ਹਾਂ ਨੂੰ ਪੂਰੇ ਵੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਚੋਣ ਗਾਰੰਟੀਆਂ ’ਤੇ ਨਿਸ਼ਾਨੇ ਵਜੋਂ ਦੇਖਿਆ ਜਾ ਰਿਹਾ ਹੈ। ਇਥੇ 17ਵੀਂ ਭਾਰਤੀ ਸਹਿਕਾਰਤਾ ਕਾਂਗਰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਹਿਕਾਰੀ ਸਭਾਵਾਂ ਨੂੰ ਕਿਹਾ ਕਿ ਉਹ ਸਿਆਸਤ ਦੀ ਬਜਾਏ ਸਮਾਜਿਕ ਅਤੇ ਕੌਮੀ ਨੀਤੀ ਦੇ ਝੰਡਾਬਰਦਾਰ ਬਣਨ। ਉਨ੍ਹਾਂ ਨੂੰ ਪਾਰਦਰਸ਼ਿਤਾ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਮਾਡਲ ਬਣਨ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵੱਡੇ ਪੱਧਰ ’ਤੇ ਡਿਜੀਟਲ ਉਪਕਰਨਾਂ ਦੀ ਵਰਤੋਂ ਕਰਨ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ਤੇਲ ਬੀਜਾਂ ਅਤੇ ਦਾਲਾਂ ਦਾ ਉਤਪਾਦਨ ਵਧਾਉਣ ’ਤੇ ਜ਼ੋਰ ਦੇ ਕੇ ਮੁਲਕ ਨੂੰ ਖਾਣ ਵਾਲੇ ਤੇਲਾਂ ’ਚ ਆਤਮ-ਨਿਰਭਰ ਬਣਾਉਣ ’ਚ ਸਹਾਇਤਾ ਕਰਨ ਲਈ ਆਖਿਆ। ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਤੇ ਸਬੰਧਤ ਸੈਕਟਰਾਂ ’ਚ ਆਪਣੀ ਸਰਕਾਰ ਦੇ ਪਿਛਲੇ 9 ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ‘ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਦੇਸ਼ ਦੇ ਹਰੇਕ ਕਿਸਾਨ ਨੂੰ ਹਰ ਸਾਲ ਕਰੀਬ 50 ਹਜ਼ਾਰ ਰੁਪਏ ਮਿਲਣ। ਇਸ ਦਾ ਮਤਲਬ ਹੈ ਕਿ ਕੇਂਦਰ ’ਚ ਭਾਜਪਾ ਸਰਕਾਰ ਤਹਿਤ ਹਰੇਕ ਕਿਸਾਨ ਨੂੰ ਕਿਸੇ ਨਾ ਕਿਸੇ ਰੂਪ ’ਚ 50 ਹਜ਼ਾਰ ਰੁਪਏ ਮਿਲਣ ਦੀ ਗਾਰੰਟੀ ਹੈ। ਇਹ ਮੋਦੀ ਦੀ ਗਾਰੰਟੀ ਹੈ।