ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ


ਅਪਰਾਧਿਕ ਦੋਸ਼ਾਂ ’ਚ ਘਿਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ
ਮਿਆਮੀ-ਡੋਨਲਡ ਟਰੰਪ ’ਤੇ ਉਨ੍ਹਾਂ ਦੇ ਫਲੋਰਿਡਾ ਅਸਟੇਟ ’ਚ ਸਰਕਾਰੀ ਖੁਫ਼ੀਆ ਦਸਤਾਵੇਜ਼ਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਰੱਖਣ ਦੇ ਦੋਸ਼ ਲਾਏ ਗਏ ਹਨ। ਇਸ ਨਾਲ ਉਹ ਅਮਰੀਕਾ ਦੇ ਇਤਿਹਾਸ ’ਚ ਅਜਿਹੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ ਜੋ ਸੰਘੀ ਸਰਕਾਰ ਵੱਲੋਂ ਲਾਏ ਗਏ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਨਿਆਂ ਵਿਭਾਗ ਨੇ ਫਿਲਹਾਲ ਇਨ੍ਹਾਂ ਦੋਸ਼ਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਹੈ ਪਰ ਉਹ ਇਹ ਜਾਣਕਾਰੀ ਅਗਲੇ ਹਫ਼ਤੇ ਜਨਤਕ ਕਰ ਸਕਦਾ ਹੈ। ਇਸੇ ਸਮੇਂ ਦੌਰਾਨ ਹੀ 2024 ਦੀਆਂ ਰਾਸ਼ਟਰੀ ਚੋਣਾਂ ਲਈ ਪ੍ਰਚਾਰ ਮੁਹਿੰਮ ਵੀ ਸ਼ੁਰੂ ਹੋਣ ਵਾਲੀ ਹੈ।

ਇਸ ਮੁਕੱਦਮੇ ਦੌਰਾਨ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਟਰੰਪ ਨੂੰ ਜੇਲ੍ਹ ਹੋਣ ਦੇ ਨਾਲ ਨਾਲ ਗਈ ਗੰਭੀਰ ਕਾਨੂੰਨੀ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਮਾਮਲੇ ਤੋਂ ਜਾਣੂ ਦੋ ਲੋਕਾਂ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਦੋਸ਼ ’ਚ ਸੱਤ ਅਪਰਾਧਿਕ ਮਾਮਲੇ ਸ਼ਾਮਲ ਹਨ। ਇਨ੍ਹਾਂ ’ਚੋਂ ਇੱਕ ਵਿਅਕਤੀ ਨੇ ਦੱਸਿਆ ਕਿ ਸਰਕਾਰੀ ਵਕੀਲਾਂ ਨੇ ਟਰੰਪ ਦੇ ਵਕੀਲਾਂ ਨਾਲ ਸੰਪਰਕ ਕੀਤਾ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ‘ਟਰੁੱਥ ਸੋਸ਼ਲ’ ਮੰਚ ’ਤੇ ਐਲਾਨ ਕੀਤਾ ਗਿਆ ਕਿ ਟਰੰਪ ’ਤੇ ਦੋਸ਼ ਲਾਏ ਗਏ ਹਨ। ਇਸ ਐਲਾਨ ਦੇ 20 ਮਿੰਟ ਅੰਦਰ ਹੀ ਟਰੰਪ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਦੀ ਪ੍ਰਚਾਰ ਮੁਹਿੰਮ ਲਈ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਇੱਕ ਵੀਡੀਓ ਸੁਨੇਹੇ ’ਚ ਕਿਹਾ, ‘ਮੈਂ ਬੇਕਸੂਰ ਹਾਂ।’ ਉਨ੍ਹਾਂ ਦੁਹਰਾਇਆ ਕਿ ਇਹ ਜਾਂਚ ਉਨ੍ਹਾਂ ਨੂੰ ਫਸਾਉਣ ਲਈ ਹੈ। ਇਹ ਕੇਸ ਟਰੰਪ ਲਈ ਇੱਕ ਹੋਰ ਕਾਨੂੰਨੀ ਮੁਸ਼ਕਲ ਪੈਦਾ ਕਰ ਸਕਦਾ ਹੈ ਕਿਉਂਕਿ ਨਿਊਯਾਰਕ ’ਚ ਵੀ ਇੱਕ ਕੇਸ ’ਚ ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਅਤੇ ਵਾਸ਼ਿੰਗਟਨ ਤੇ ਅਟਲਾਂਟਾ ’ਚ ਉਨ੍ਹਾਂ ਖ਼ਿਲਾਫ਼ ਵੱਖਰੀ ਜਾਂਚ ਚੱਲ ਰਹੀ ਹੈ ਤੇ ਉਨ੍ਹਾਂ ’ਚ ਵੀ ਟਰੰਪ ’ਤੇ ਅਪਰਾਧਿਕ ਦੋਸ਼ ਲੱਗ ਸਕਦੇ ਹਨ। ਵਿਸ਼ੇਸ਼ ਵਕੀਲ ਜੈਕ ਸਮਿੱਥ ਦੀ ਮਹੀਨਿਆਂ ਲੰਮੀ ਜਾਂਚ ਮਗਰੋਂ ਇਹ ਦੋਸ਼ ਲਾਇਆ ਗਿਆ ਹੈ। ਸਮਿੱਥ ਇਸ ਗੱਲ ਦੀ ਜਾਂਚ ਕਰ ਰਹੇ ਸਨ ਕਿ ਕੀ ਟਰੰਪ ਨੇ ਸੈਂਕੜੇ ਖੁਫੀਆ ਦਸਤਾਵੇਜ਼ ਆਪਣੀ ਪਾਮ ਬੀਚ ਸਥਿਤ ਰਿਹਾਇਸ਼ ‘ਮਾਰ-ਏ-ਲਾਗੋ’ ਲਿਜਾ ਕੇ ਕਾਨੂੰਨ ਤੋੜਿਆ ਜਾਂ ਰਿਕਾਰਡ ਹਾਸਲ ਕਰਨ ਸਬੰਧੀ ਸਰਕਾਰ ਦੀਆਂ ਕੋਸ਼ਿਸ਼ਾਂ ’ਚ ਅੜਿੱਕਾ ਪਾਇਆ। ਸਰਕਾਰੀ ਵਕੀਲਾਂ ਨੇ ਕਿਹਾ ਕਿ ਟਰੰਪ ਵ੍ਹਾਈਟ ਹਾਊਸ ਤੋਂ ਜਾਣ ਮਗਰੋਂ ਤਕਰੀਬਨ 300 ਖੁਫੀਆ ਦਸਤਾਵੇਜ਼ ਰਿਹਾਇਸ਼ ‘ਮਾਰ-ਏ-ਲਾਗੋ’ ਲੈ ਗਏ। ਇਨ੍ਹਾਂ ’ਚ ਤਕਰੀਬਨ 100 ਦਸਤਾਵੇਜ਼ ਉਹ ਵੀ ਸ਼ਾਮਲ ਸਨ ਜੋ ਪਿਛਲੇ ਸਾਲ ਅਗਸਤ ’ਚ ਐਫਬੀਆਈ ਨੇ ਟਰੰਪ ਦੇ ਘਰ ਦੀ ਤਲਾਸ਼ੀ ਦੌਰਾਨ ਬਰਾਮਦ ਕੀਤੇ ਸਨ।