ਖਾਲਿਸਤਾਨ ਪੱਖੀਆਂ ਵੱਲੋਂ ਸਾਂ ਫਰਾਂਸਿਸਕੋ ’ਚ ਭਾਰਤੀ ਦੂਤਾਵਾਸ ’ਤੇ ਹਮਲਾ

ਖਾਲਿਸਤਾਨ ਪੱਖੀਆਂ ਵੱਲੋਂ ਸਾਂ ਫਰਾਂਸਿਸਕੋ ’ਚ ਭਾਰਤੀ ਦੂਤਾਵਾਸ ’ਤੇ ਹਮਲਾ

ਭਾਰਤੀ-ਅਮਰੀਕੀਆਂ ਵੱਲੋਂ ਹਮਲਾਵਰ ਕਾਰਵਾਈ ਦੀ ਨਿਖੇਧੀ; ਭਾਈਚਾਰੇ ਨੂੰ ਏਕਾ ਤੇ ਸਦਭਾਵਨਾ ਬਣਾਏ ਰੱਖਣ ਦਾ ਸੱਦਾ
ਵਾਸ਼ਿੰਗਟਨ – ਖਾਲਿਸਤਾਨੀ ਪੱਖੀ ਸਮਰਥਕਾਂ ਦੇ ਇਕ ਗਰੁੱਪ ਨੇ ਐਤਵਾਰ ਅਮਰੀਕਾ ਦੇ ਸ਼ਹਿਰ ਸਾਂ ਫਰਾਂਸਿਸਕੋ ’ਚ ਭਾਰਤੀ ਦੂਤਾਵਾਸ ਉਤੇ ਹਮਲਾ ਕਰ ਦਿੱਤਾ ਤੇ ਇਸ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਦੀ ਭਾਰਤੀ-ਅਮਰੀਕੀਆਂ ਨੇ ਸਖ਼ਤ ਨਿਖੇਧੀ ਕੀਤੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਮੰਗੀ ਹੈ। ਭਾਰਤ ਨੇ ਘਟਨਾ ਦੀ ਨਿਖੇਧੀ ਕਰਦਿਆਂ ਅਮਰੀਕਾ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਵਾਰਦਾਤਾਂ ਨੂੰ ਮੁੜ ਤੋਂ ਨਾ ਹੋਣ ਦੇਣ ਲਈ ਢੁੱਕਵੇਂ ਕਦਮ ਚੁੱਕਣ।

ਭਾਰਤੀ ਭਾਈਚਾਰੇ ਨਾਲ ਸਬੰਧਤ ਇਕ ਸੰਗਠਨ ‘ਐਫਆਈਆਈਡੀਐੱਸ’ ਨੇ ਕਿਹਾ ਕਿ ਲੰਡਨ ਤੇ ਸਾਂ ਫਰਾਂਸਿਸਕੋ ਵਿਚ ਵਾਪਰੀਆਂ ਘਟਨਾਵਾਂ ਕਾਨੂੰਨ-ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਦਰਸਾਉਂਦੀਆਂ ਹਨ ਜਿੱਥੇ ਕੁਝ ਵੱਖਵਾਦੀ ਕੱਟੜਵਾਦੀਆਂ ਨੇ ਭਾਰਤੀ ਕੂਟਨੀਤਕ ਮਿਸ਼ਨਾਂ ਉਤੇ ਹਮਲਾ ਕੀਤਾ ਹੈ। ਸੰਗਠਨ ਨੇ ਕਿਹਾ ਕਿ ਯੂਕੇ ਤੇ ਅਮਰੀਕਾ ਕੂਟਨੀਤਕ ਮਿਸ਼ਨਾਂ ਦੀ ਸੁਰੱਖਿਆ ਲਈ ਵੀਏਨਾ ਸਮਝੌਤੇ ਵਿਚ ਜ਼ਾਹਿਰ ਵਚਨਬੱਧਤਾ ਨੂੰ ਪੂਰੀ ਕਰਨ ਵਿਚ ਨਾਕਾਮ ਹੋਏ ਹਨ। ਉਨ੍ਹਾਂ ਹੋਮਲੈਂਡ ਸਕਿਉਰਿਟੀ, ਐਫਬੀਆਈ ਤੇ ਸੀਆਈਏ ਜਿਹੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਅਮਰੀਕਾ ਵਿਚ ਅਤਿਵਾਦ ਲਈ ਕੋਈ ਥਾਂ ਨਾ ਹੋਵੇ, ਨਾ ਹੀ ਇਸ ਨੂੰ ਹਮਾਇਤ ਮਿਲੇ। ‘ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼’ ਨੇ ਕਿਹਾ ਕਿ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਝੂਠੇ ਪ੍ਰਚਾਰ ਰਾਹੀਂ ਸਿੱਖ ਕੱਟੜਵਾਦ ਨੂੰ ਫੰਡ ਕਰ ਰਹੀ ਹੈ। ਸੰਗਠਨ ਨੇ ਭਾਰਤੀ-ਅਮਰੀਕੀਆਂ ਨੂੰ ਕੱਟੜਵਾਦ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਜਿਨ੍ਹਾਂ ਵਿਚ ਬਹੁ-ਗਿਣਤੀ ਸਿੱਖ ਵੀ ਹਨ। ਵੇਰਵਿਆਂ ਮੁਤਾਬਕ ਸਾਂ ਫਰਾਂਸਿਸਕੋ ਵਿਚ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਮੁਜ਼ਾਹਰਾਕਾਰੀ ਆਰਜ਼ੀ ਸੁਰੱਖਿਆ ਨਾਕੇ ਤੋੜ ਕੇ ਦੂਤਾਵਾਸ ਦੇ ਨੇੜੇ ਪਹੁੰਚ ਗਏ ਤੇ ਕੌਂਸਲੇਟ ਦੇ ਅੰਦਰ ਦੋ ਅਖੌਤੀ ਖਾਲਿਸਤਾਨੀ ਝੰਡੇ ਲਾ ਦਿੱਤੇ। ਕੌਂਸਲੇਟ ਦੇ ਦੋ ਕਰਮੀਆਂ ਨੇ ਮਗਰੋਂ ਜਲਦੀ ਝੰਡੇ ਉਤਾਰ ਦਿੱਤੇ। ਥੋੜ੍ਹੀ ਹੀ ਦੇਰ ਬਾਅਦ ਗੁੱਸੇ ’ਚ ਆਏ ਮੁਜ਼ਾਹਰਾਕਾਰੀਆਂ ਦਾ ਇਕ ਗਰੁੱਪ ਦੂਤਾਵਾਸ ਦੀ ਇਮਾਰਤ ’ਤੇ ਪਹੁੰਚ ਗਿਆ ਤੇ ਦਰਵਾਜ਼ੇ-ਖਿੜਕੀਆਂ ਭੰਨ੍ਹਣ ਲੱਗਾ। ਉਨ੍ਹਾਂ ਹੱਥਾਂ ਵਿਚ ਰਾਡਾਂ ਫੜੀਆਂ ਹੋਈਆਂ ਸਨ। ਪੁਲੀਸ ਨੇ ਹਾਲੇ ਤੱਕ ਘਟਨਾ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂ ਅਜੈ ਭੁਟੋਰੀਆ ਨੇ ਇਸ ਹਮਲਾਵਰ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ, ‘ਇਹ ਹਿੰਸਕ ਕਾਰਵਾਈ ਨਾ ਸਿਰਫ਼ ਅਮਰੀਕਾ ਤੇ ਭਾਰਤ ਦੇ ਕੂਟਨੀਤਕ ਰਿਸ਼ਤਿਆਂ ਲਈ ਖ਼ਤਰਾ ਹੈ ਪਰ ਸਾਡੇ ਭਾਈਚਾਰੇ ਦਰਮਿਆਨ ਕਾਇਮ ਸ਼ਾਂਤੀ ਤੇ ਸਦਭਾਵਨਾ ’ਤੇ ਹਮਲਾ ਹੈ।’ ਭੂਟੋਰੀਆ ਨੇ ਪ੍ਰਸ਼ਾਸਨ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

ਕੈਨਬਰਾ: ਸਿੱਖ ਜਥੇਬੰਦੀਆਂ ਵੱਲੋਂ ਸੰਸਦ ਅੱਗੇ ਪ੍ਰਦਰਸ਼ਨ
ਮੈਲਬਰਨ :
ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਅੱਜ ਸੰਸਦ ਸਾਹਮਣੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ। ਮੈਲਬਰਨ ਸਮੇਤ ਨੇੜਲੇ ਸ਼ਹਿਰਾਂ ਤੋਂ ਪੁੱਜੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਗਰੀਨਜ਼ ਪਾਰਟੀ ਦੇ ਸੈਨੇਟਰ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਜਾਣਕਾਰੀ ਬਾਹਰ ਨਾ ਆਉਣ ਦੇਣ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਸਟਰੇਲੀਆ ਸਰਕਾਰ ਨੂੰ ਆਪਣੇ ਦੁਵੱਲੇ ਵਪਾਰਕ ਹਿੱਤਾਂ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਇਸ ਮੌਕੇ ਫੈਡਰਲ ਪੁਲੀਸ ਵੀ ਮੌਜੂਦ ਸੀ। ਇਸੇ ਦੌਰਾਨ ਕੁਝ ਹਫ਼ਤੇ ਪਹਿਲਾਂ ਇੱਥੇ ਹੋਏ ਖਾਲਿਸਤਾਨ ਰੈਫਰੰਡਮ ਦੌਰਾਨ ਸਿੱਖ ਕਾਰਕੁਨਾਂ ਅਤੇ ਹਿੰਦੂ ਜਥੇਬੰਦੀਆਂ ਦੇ ਸਮਰਥਕਾਂ ਵਿਚਾਲੇ ਹੋਈਆਂ ਝੜਪਾਂ ਸਬੰਧੀ ਵਿਕਟੋਰੀਆ ਸੂਬੇ ਦੀ ਪੁਲੀਸ ਨੇ ਅੱਜ ਛੇ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰਕੇ ਜਨਤਕ ਤੌਰ ’ਤੇ ਜਾਣਕਾਰੀ ਮੰਗੀ ਹੈ।