ਖਾਲਸਾ ਸਾਜਨਾ ਦਿਵਸ ’ਤੇ ਧਾਰਾ 144 ਲਗਾਉਣਾ ਵੱਡੀ ਗਲਤੀ: ਹਰਸਿਮਰਤ

ਖਾਲਸਾ ਸਾਜਨਾ ਦਿਵਸ ’ਤੇ ਧਾਰਾ 144 ਲਗਾਉਣਾ ਵੱਡੀ ਗਲਤੀ: ਹਰਸਿਮਰਤ

ਸਰਦੂਲਗੜ੍ਹ – ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਬਣੀ ‘ਆਪ’ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਝੂਠ ਬੋਲ ਕੇ ਸੱਤਾ ’ਚ ਆਈ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਦੀ ਸ਼ਹਿ ’ਤੇ ਹੀ ਸਿੱਖ ਨੌਜਵਾਨਾਂ ’ਤੇ ਝੂਠੇ ਕੇਸ ਪਾਏ ਜਾ ਰਹੇ ਹਨ। ਖਾਲਸੇ ਦੇ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਵਾਲੀ ਸੰਗਤ ਦੀ ਤਲਾਸ਼ੀ ਲੈ ਕੇ ਤੰਗ ਪ੍ਰੇਸ਼ਾਨ ਕਰਨਾ ਅਤੇ ਧਾਰਾ 144 ਲਗਾਉਣਾ ‘ਆਪ’ ਦੀ ਸਰਕਾਰ ਦੀ ਵੱਡੀ ਗਲਤੀ ਸੀ। ਬੀਬੀ ਬਾਦਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਵੱਡਾ ਝੂਠ ਤੇ ਕੋਝਾ ਮਜ਼ਾਕ ਸੂਬੇ ਦੇ ਕਿਸਾਨਾਂ ਤੇ ਔਰਤਾਂ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਸੂਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਹਰ ਔਰਤ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ-ਭੱਤਾ ਪਾਇਆ ਜਾਵੇਗਾ ਅਤੇ ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇਗਾ ਪਰ ‘ਆਪ’ ਸਰਕਾਰ ਦੌਰਾਨ ਕਿਸਾਨਾਂ ਦੀਆਂ ਦੋ ਫਸਲਾਂ ਦਾ ਕੁਦਰਤੀ ਆਫਤ ਕਾਰਨ ਨੁਕਸਾਨ ਹੋ ਚੁੱਕਿਆ ਹੈ ਪਰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।