ਖਾਲਸਾ ਕੇਅਰ ਫਾਉਂਡੇਸ਼ਨ ਲਾਸ ਏਂਜਲਸ ਵਲੋਂ ਤੁਰਕੀ ਸੀਰੀਆ ਭੂਚਾਲ ’ਚ ਪੀੜਤਾਂ ਦੀ ਮਦਦ ਲਈ 50000 ਡਾਲਰ ਦੀ ਸੇਵਾ

ਖਾਲਸਾ ਕੇਅਰ ਫਾਉਂਡੇਸ਼ਨ ਲਾਸ ਏਂਜਲਸ ਵਲੋਂ ਤੁਰਕੀ ਸੀਰੀਆ ਭੂਚਾਲ ’ਚ ਪੀੜਤਾਂ ਦੀ ਮਦਦ ਲਈ 50000 ਡਾਲਰ ਦੀ ਸੇਵਾ

ਮੁਸੀਬਤ ’ਚ ਫਸੇ ਲੋਕਾਂ ਦੀ ਸੇਵਾ ਹੀ ਸਿੱਖ ਧਰਮ: ਸ. ਜਸਪਾਲ ਸਿੰਘ ਸੈਣੀ ਲਾਸ ਏਂਜਲਸ

ਲਾਸ ਏਜਲਸ/ਕੈਲੀਫੋਰਨੀਆ : ਭੂਚਾਲ ਜਾਂ ਕੋਈ ਵੀ ਕੁਦਰਤੀ ਆਫਤ ਜਦੋਂ ਆਉਂਦੀ ਹੈ ਤਾਂ ਇਨਸਾਨ ਨੂੰ ਸੰਭਲਣ ਦਾ ਸਮਾਂ ਵੀ ਨਹੀਂ ਦਿੰਦੀ। ਦੁਨੀਆ ਦਾ ਵੱਡੇ ਤੋਂ ਵੱਡਾ ਇਨਸਾਨ ਵੀ ਬੇਬਸ ਰਹਿ ਜਾਂਦਾ ਹੈ। ਇਸੇ ਹੀ ਤਰ੍ਹਾਂ ਤੁਰਕੀ ਅਤੇ ਸੀਰੀਆ ’ਚ ਆਏ ਭੂਚਾਲ ਨੇ ਲੱਖਾਂ ਹੀ ਲੋਕਾਂ ਨੂੰ ਪ੍ਰਭਾਵਤ ਕੀਤਾ ਅਤੇ ਤਕਰੀਬਨ 50 ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਤੁਰਕੀ ਸੀਰੀਆ ’ਚ 7.8 ਦੇ ਵੱਡੇ ਭੂਚਾਲ ਨੇ ਤਹਿਸ-ਨਹਿਸ ਕਰ ਦਿੱਤਾ। ਉਨ੍ਹਾਂ ਮੁਸੀਬਤ ’ਚ ਫਸੇ ਲੋਕਾਂ ਦੀ ਮਦਦ ਲਈ ਹਮੇਸ਼ਾ ਦੀ ਤਰ੍ਹਾਂ ਖਾਲਸਾ ਕੇਅਰ ਫਾਉਂਡੇਸ਼ਨ ਨੇ 50 ਹਜ਼ਾਰ ਡਾਲਰ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਰਾਹੀਂ ਦਿੱਤਾ। ਇਸ ਸਮੇਂ ਅਮਰੀਕਾ ਦੇ ਸੀਨੀਅਰ ਕਾਂਗਰਸਮੈਨ ਬਰਾਡ ਸਰਮਨ, ਡਾਕਟਰ ਜਸਪਾਲ ਸਿੰਘ ਸੈਣੀ, ਸ੍ਰ. ਗੁਰਦੀਪ ਸਿੰਘ ਮਲਿਕ, ਸ੍ਰ. ਬਲਦੇਵ ਸਿੰਘ, ਸ੍ਰ. ਸੁੱਖੀ ਸੰਧੂ ਅਤੇ ਹੋਰ ਆਗੂ ਸ਼ਾਮਲ ਸਨ। ਇਸ ਸਮੇਂ ਅਮਰੀਕਾ ਦੇ ਉਘੇ ਸਮਾਜ ਸੇਵਕ ਸ੍ਰ. ਗੁਰਦੀਪ ਸਿੰਘ ਮਲਿਕ ਦੇ ਸਪੁੱਤਰ ਸ੍ਰ. ਭਜਨੀਤ ਸਿੰਘ ਮਲਿਕ ਨੇ ਖਾਲਸਾ ਏਡ ਵਲੋਂ ਚੈਕ ਲਿਆ ਅਤੇ ਕਾਂਗਰਸਮੈਨ ਅਤੇ ਸਮੂਹ ਸੇਵਾਦਾਰਾਂ ਨੇ ਚੈਕ ਨਾਲ ਯਾਦਗਾਰੀ ਪਲੈਕ ਦਿੱਤੀ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਸਿੱਖ ਆਗੂ ਡਾ. ਜਸਪਾਲ ਸਿੰਘ ਸੈਣੀ ਨੇ ਕਿਹਾ ਕਿ ਪੀੜਤਾਂ ਲਈ ਮੁਸੀਬਤ ’ਚ ਫਸੇ ਲੋਕਾਂ ਦੀ ਮਦਦ ਹੀ ਸਿੱਖੀ ਹੈ। ਸਿੱਖੀ ਦਾ ਜਨਮ ਹੀ ਇਸ ਲਈ ਹੋਇਆ ਹੈ। ਉਨ੍ਹਾਂ ਇਸ ਕੁਦਰਤੀ ਆਫਤ ’ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਅਤੇ ਜ਼ਖਮੀਆਂ ਲਈ ਸਿਹਤਯਾਬੀ ਦੀ ਅਰਦਾਸ ਕੀਤੀ।