‘ਖਾਲਸਾਈ ਜਾਹੋ-ਜਲਾਲ’ ਦੇ ਪ੍ਰਤੀਕ ਹੋਲੇ ਮਹੱਲੇ ਨੂੰ ਸਮਰਪਿਤ 25ਵਾਂ ਨਗਰ ਕੀਰਤਨ ਲਵਿੰਗਸਟਨ ਵਿਖੇ ਸਜਾਇਆ

‘ਖਾਲਸਾਈ ਜਾਹੋ-ਜਲਾਲ’ ਦੇ ਪ੍ਰਤੀਕ ਹੋਲੇ ਮਹੱਲੇ ਨੂੰ ਸਮਰਪਿਤ 25ਵਾਂ ਨਗਰ ਕੀਰਤਨ ਲਵਿੰਗਸਟਨ ਵਿਖੇ ਸਜਾਇਆ

ਲਵਿੰਗਸਟਨ : ਗੁਰਦੁਆਰਾ ਸਾਹਿਬ ਲਵਿੰਗਸਟਨ ਵਿਖੇ ਬੀਤੇ ਦਿਨੀਂ ਖਾਲਸਾਈ ‘ਜਾਹੋ-ਜਲਾਲ’ ਦੇ ਪ੍ਰਤੀਕ ‘ਹੋਲੇ-ਮਹੱਲੇ’ ਨੂੰ ਸਮਰਪਿਤ 25ਵਾਂ ਨਗਰ ਕੀਰਤਨ ਸਜਾਇਆ ਗਿਆ। ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਲਗਾਈ। ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੇ ਸਮਾਗਮਾਂ ਦੀ ਸਮਾਪਤੀ ਐਤਵਾਰ ਨੂੰ ਕੀਤੀ ਗਈ। ਮਿਤੀ 24, 25 ਅਤੇ 26 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ-ਕੀਰਤਨ ਦੇ ਪ੍ਰਵਾਹ ਚੱਲੇ। ਐਤਵਾਰ ਸਵੇਰੇ 10 ਵਜੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀ ਆਰੰਭਤਾ ਕੀਤੀ ਗਈ ਜਿਸ ਵਿਚ ਹਜ਼ੂਰੀ ਰਾਗੀ ਭਾਈ ਕਰਮਜੀਤ ਸਿੰਘ ਖਡੂਰ ਵਾਲੇ, ਬੀਬੀ ਜਸਵਿੰਦਰ ਜੀ ਰਾਮਾਂ ਮੰਡੀ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਅਤੇ ਹੋਰ ਜਥਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। 25 ਤਰੀਕ ਨੂੰ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿਚ ਸਾਰੀਆਂ ਸੰਗਤਾਂ ਨੇ ਇਕੱਤਰ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਬੱਚਿਆਂ ਵਲੋਂ ਰਹਿਰਾਸ ਜੀ ਦੇ ਪਾਠ ਉਪਰੰਤ ਬੱਚਿਆਂ ਵਲੋਂ ਕੀਰਤਨ ਗਾਇਨ ਕੀਤਾ ਗਿਆ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਵਿਚ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ ਅਤੇ ਜਥਿਆਂ ਦਾ ਸਨਮਾਨ ਵੀ ਕੀਤਾ ਗਿਆ। ਉਪਰੰਤ 11.30 ਵਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ, ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੁਰੂ ਗ੍ਰੰਥ ਜੀ ਦੀ ਸਵਾਰੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤੀ ਗਈ, ਸਾਰੇ ਨਗਰ ਵਿਚ ਸੰਗਤਾਂ ਵਲੋਂ ਗੁਰਬਾਣੀ ਕੀਰਤਨ ਗਾਇਨ ਕਰਦਿਆਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ। ਰਸਤੇ ਵਿਚ ਗੁਰਦੁਆਰਾ ਸਾਹਿਬ ਜੋ 2 ਸਟਰੀਟ ’ਤੇ ਹੈ, ਉਥੇ ਸੰਗਤਾਂ ਕੁਝ ਸਮੇਂ ਲਈ ਰੁਕੀਆਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦਾ ਪੰਜ-ਪਿਆਰਿਆਂ ਦਾ, ਗੁਰੂ ਸਾਹਿਬ ਜੀ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਪ੍ਰਕਰਮਾ ਦੌਰਾਨ ਸਾਰੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਗਾਇਨ ਕੀਤਾ। ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਸੇਵਾਦਾਰਾਂ ਵਲੋਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਅਤੇ ਸੰਗਤਾਂ ਦੀ ਸੇਵਾ ਕੀਤੀ ਜਿਨ੍ਹਾਂ ਵਿਚ ਪਕੌੜੇ, ਛੋਲੇ-ਭਟੂਰੇ, ਗੰਨੇ ਦਾ ਰਸ, ਜੂਸ, ਮੱਕੀ ਦੀ ਰੋਟੀ ਅਤੇ ਸਾਗ, ਟਿੱਕੀਆਂ, ਬਰੀਟੋ, ਗੋਲ-ਗੱਲੇ ਅਤੇ ਹੋਰ ਕਈ ਤਰ੍ਹਾਂ ਦੇ ਲੰਗਰ ਦੇਖਣ ਨੂੰ ਮਿਲੇ। ਇਸ ਨਗਰ ਕੀਰਤਨ ਵਿਚ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਦੂਰੋਂ-ਦੂਰੋਂ ਆ ਕੇ ਹਾਜ਼ਰੀ ਭਰੀ, ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਸੇਵਾਦਾਰਾਂ, ਸੰਗਤਾਂ ਦਾ ਸਨਮਾਨ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ।