ਖ਼ੁਸ਼ਆਮਦੀਦ! ਨਵਾਂ ਸਾਲ

ਖ਼ੁਸ਼ਆਮਦੀਦ! ਨਵਾਂ ਸਾਲ

ਨਵੇਂ ਸਾਲ ਦੀ ਪੂਰਵ-ਸੰਧਿਆ ’ਤੇ ਸੰਸਾਰ ਭਰ ਵਿਚ ਖੂਬ ਰੌਣਕਾਂ ਲਗਦੀਆਂ ਹਨ। ਸਾਰੀ ਰਾਤ ਹੀ ਸੱਭਿਆਚਾਰਕ ਪ੍ਰੋਗਰਾਮ ਚਲਦੇ ਹਨ। ਰੈਸਟੋਰੈਂਟਾਂ, ਕਲੱਬਾਂ ਅਤੇ ਘਰਾਂ ਵਿਚ ਵੀ ਪੂਰੀ ਰੌਣਕ ਹੁੰਦੀ ਹੈ। ਇਸ ਸ਼ੁਭ ਘੜੀ ਦਾ ਪਟਾਕਿਆਂ ਤੇ ਆਤਸ਼ਬਾਜ਼ੀਆਂ ਨਾਲ ਸਵਾਗਤ ਕੀਤਾ ਜਾਂਦਾ ਹੈ। ਹਰ ਚਿਹਰਾ ਖੁਸ਼ੀ ਵਿਚ ਝੂਮ ਉਠਦਾ ਹੈ, ਇਕ ਦੂਜੇ ਨੂੰ ਵਧਾਈਆਂ ਦਿੰਦਾ ਹੈ। ਇਸ ਦਿਨ ਲੋਕ ਕੋਈ ਉਲਟਾ-ਸਿੱਧਾ ਕੰਮ ਨਹੀਂ ਕਰਦੇ, ਸਗੋਂ ਪਰਮਾਤਮਾ ਅੱਗੇ ਇਹੀ ਅਰਜੋਈ ਕਰਦੇ ਹਨ ਕਿ ਇਹ ਸਾਰਾ ਸਾਲ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਪੂਰ ਹੋਵੇ। ਇਸ ਤੋਂ ਜ਼ਿਆਦਾ ਇਹ ਹੈ ਕਿ ਲੋਕ ਇਸ ਦਿਨ ਹੱਕ-ਹਲਾਲ ਦੀ ਕਮਾਈ ਕਰਨਾ ਪਸੰਦ ਕਰਦੇ ਹਨ। ਹੇ ਰੱਬਾ! ਤੂੰ ਹੀ ਕੋਈ ਐਸਾ ਕਾਰਾ ਕਰਦੇ ਕਿ ਸਾਲ ਦੇ 365 ਦਿਨ ਨਵੇਂ ਸਾਲ ਦੀ ਪੂਰਵ-ਸੰਧਿਆ ਵਾਂਗ ਮਨਾਏ ਜਾਣ ਤਾਂ ਜੋ ਸਾਰੇ ਹੀ ਲੋਕ ਹੱਕ-ਹਲਾਲ ਦੀ ਕਮਾਈ ਕਰਿਆ ਕਰਨ, ਭਾਈਚਾਰਕ ਸਾਂਝ ਬਣਾਈ ਰੱਖਣ। ਫਿਰ ਤਾਂ ਸਹਿਜੇ ਹੀ ਇਕ ਨਿੱਗਰ ਸਮਾਜ ਸਿਰਜਿਆ ਜਾ ਸਕਦਾ ਹੈ। ਸ. ਗੁਰਬਖਸ਼ ਸਿੰਘ ਦਾ ਕਹਿਣਾ ਹੈ, ਚੰਗਿਆਈ ਕਰਨ ਦੀ ਖਾਹਿਸ਼ ਆਪਣੇ ਆਪ ਵਿਚ ਇਕ ਸਵਰਗੀ ਅਵਸਥਾ ਹੈ।
ਇਸ ਗੱਲ ਤੋਂ ਸਾਰੇ ਹੀ ਭਲੀ-ਭਾਂਤ ਜਾਣੂੰ ਹਨ ਕਿ ਸਮਾਂ ਧਨ ਹੈ। ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਤਾਂ ਹੀਰੇ-ਮੋਤੀ, ਜਵਾਹਰਾਤ, ਸੋਨੇ, ਚਾਂਦੀ, ਆਦਿ ਤੋਂ ਵੀ ਕੀਮਤੀ ਹੈ। ਇਹ ਕਿਸੇ ਦੇ ਕਹਿਣ ’ਤੇ ਨਹੀਂ ਚਲਦਾ ਤੇ ਨਾ ਹੀ ਰੁਕਦਾ ਹੈ। ਇਹ ਤਾਂ ਵਹਿੰਦੇ ਪਾਣੀ ਦੀ ਤਰ੍ਹਾਂ ਵਹਿੰਦਾ ਹੀ ਜਾਂਦਾ ਹੈ। ਤਾਹੀਓਂ ਅਮੀਰ-ਗ਼ਰੀਬ, ਰਾਜੇ-ਮਹਾਰਾਜੇ ਇਸ ਅੱਗੇ ਝੁਕਦੇ ਹਨ, ਸਲਾਮ ਕਰਦੇ ਹਨ। ਪਰ, ਇਕ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਕਿ ਬੀਤਿਆ ਪਲ ਵਾਪਿਸ ਨਹੀਂ ਆਉਂਦਾ, ਭਾਵੇਂ ਕੋਈ ਜਿੰਨਾ ਮਰਜ਼ੀ ਜ਼ੋਰ ਲਗਾ ਲਏ। ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਨੇ ਬਹੁਤ ਹੀ ਸੁੰਦਰ ਸ਼ਬਦਾਂ ਵਿਚ ‘ਸਮੇਂ’ ਬਾਰੇ ਲਿਖਿਆ ਹੈ:
ਰਹੀ ਵਾਸਤੇ ਘੱਤ, ਸਮੇਂ ਨੇ ਇਕ ਨ ਮੰਨੀ,
ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ…
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨ ਮੁੜਕੇ ਆਂਵਦਾ।
ਹੁਣੇ ਜਿਹੇ ਸਾਲ 2022 ਬੀਤਿਆ ਹੈ, ਭਾਵ 365 ਦਿਨ ਬੀਤ ਗਏ। ਉਦੋਂ ਸਾਡੀਆਂ ਆਸਾਂ ਤੇ ਉਮੰਗਾਂ ਕੀ ਸਨ? ਉਨ੍ਹਾਂ ਵਿਚੋਂ ਕਿਹੜੇ ਟੀਚੇ ਹਾਸਿਲ ਕੀਤੇ ਅਤੇ ਕਿਹੜੇ ਬਾਕੀ ਰਹਿ ਗਏ ਹਨ? ਕਿੰਨੀ ਕੁ ਸਾਡੀ ਮਿਹਨਤ ਰੰਗ ਲਿਆਈ ਹੈ ਤੇ ਸਾਨੂੰ ਕਿੰਨੀ ਕੁ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਬਾਕੀ ਰਹਿੰਦੇ ਟੀਚਿਆਂ ਨੂੰ ਪੂਰਾ ਸਕੀਏ?
ਇਕੱਲਾ ਭਾਰਤ ਹੀ ਨਹੀਂ, ਸਗੋਂ ਸੰਸਾਰ ਭਰ ਦੇ ਸਾਰੇ ਦੇਸ਼ ਪ੍ਰਦੂਸ਼ਣ, ਅੱਤਵਾਦ, ਭਿ੍ਰਸ਼ਟਾਚਾਰ, ਆਰਥਿਕ ਮੰਦੀ, ਆਦਿ ਮੁੱਦਿਆਂ ਨਾਲ ਜੂਝ ਰਹੇ ਹਨ। ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ ਦੂਜੀ ਤਿਆਰ’। ਧਰਤੀ ਦੀ ਵਧ ਰਹੀ ਤਪਸ਼ ਅਤੇ ਵਾਤਾਵਰਨ ਵਿਚ ਆ ਰਹੀ ਤਬਦੀਲੀ ਦੇ ਕਾਰਨ ਹੀ ਸੰਸਾਰ ਦਾ ਹਰ ਪ੍ਰਾਣੀ ਚਿੰਤਾਤੁਰ ਹੈ।
21ਵੀਂ ਸਦੀ ਨਿਊਕਲੀਅਰ ਊਰਜਾ ਦਾ ਜ਼ਮਾਨਾ ਹੈ; ਸੂਰਜੀ ਊਰਜਾ, ਹਵਾ ਤੇ ਹਾਈਡਰੋਜਨ ਬਾਲਣ ਦਾ ਸਮਾਂ ਹੈ। ਕੈਨੇਡਾ ਵਿਚ 2004 ਤੋਂ 75 ਫ਼ੀਸਦੀ ਗੱਡੀਆਂ ਬਦਲਵੇਂ ਊਰਜਾ ਦੇ ਬਾਲਣ ਨਾਲ ਚੱਲ ਰਹੀਆਂ ਹਨ ਤੇ ਨਤੀਜੇ ਵਜੋਂ ਕੈਨੇਡਾ ਪ੍ਰਦੂਸ਼ਿਤ-ਰਹਿਤ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਭਾਵੇਂ ਭਾਰਤ ਸਰਕਾਰ ਵੀ ਊਰਜਾ, ਗੋਬਰ ਗੈਸ ਪਲਾਂਟ ਲਗਾਉਣ ਦੇ ਨਾਲ ਨਾਲ ਕਾਗਜ਼, ਰਬੜ, ਧਾਤਾਂ, ਸ਼ੀਸ਼ਾ, ਫਾਲਤੂ ਸਮਾਨ ਆਦਿ ਨੂੰ ਦੁਬਾਰਾ ਵਰਤੋਂ ਵਿਚ ਲਿਆ ਕੇ ਗਲੋਬਿਲ ਵਾਰਮਿੰਗ ਨੂੰ ਘਟਾਉਣ ਦਾ ਯਤਨ ਕਰ ਰਹੀ ਹੈ, ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਨੌਜਵਾਨ ਪੀੜ੍ਹੀ, ਖਾਸ ਕਰਕੇ ਪੰਜਾਬ ਤੋਂ ਧੜਾ ਧੜ ਪਰਵਾਸ ਕਰ ਰਹੀ ਹੈ। ਇਸ ਦੇ ਨਾਲ ਹੀ ਭਾਰਤ ਦੀ ਪੂੰਜੀ ਦਾ ਇਕ ਵੱਡਾ ਹਿੱਸਾ ਵਿਦੇਸ਼ੀ ਸਰਕਾਰਾਂ ਦੀ ਝੋਲੀ ਵਿਚ ਜਾ ਰਿਹਾ ਹੈ। ਸੋ, ਸਰਕਾਰਾਂ ਨੂੰ ਆਪਣੀ ਨੀਤ ਤੇ ਨੀਤੀ ਬਦਲਣੀ ਚਾਹੀਦੀ ਹੈ ਤਾਂ ਜੋ ਬੇਰੁਜ਼ਗਾਰਾਂ ਦੀ ਫੌਜ ਨੂੰ ਰੁਜ਼ਗਾਰ ਮਿਲ ਸਕੇ।
ਭਾਰਤ ਦਾ ਆਪਣਾ ਇਕ ਗੌਰਵਮਈ ਵਿਰਸਾ ਹੈ। ਇੱਥੇ ਨਵਾਂ ਸਾਲ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਹੈ। ਫਿਰ ਵੀ ਇੱਥੋਂ ਦੇ ਵਸਨੀਕ ਪੱਛਮੀ ਸ਼ੈਲੀ ਮੁਤਾਬਕ ਅੱਜ ਕਿਸੇ ਤੋਂ ਪਿੱਛੇ ਨਹੀਂ ਹਨ। ਪਹਿਲੀ ਜਨਵਰੀ ਨੂੰ ਨਵੇਂ ਸਾਲ ਨੂੰ ਖੁਸ਼ਆਮਦੀਦ ਆਖਿਆ ਜਾਂਦਾ ਹੈ। ਇਸ ਖ਼ੁਸ਼ੀ ਭਰੇ ਮੌਕੇ ’ਤੇ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਕੇ 31 ਦਸੰਬਰ ਦੇ ਬਾਅਦ ਵੀ ਕਈ ਦਿਨਾਂ ਤੱਕ ਇਕ ਦੂਜੇ ਨੂੰ ਵਧਾਈਆਂ ਤੇ ਤੋਹਫੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਰੰਗ-ਬਰੰਗੇ (ਸੱਭਿਆਚਾਰਕ) ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਇਸੇ ਤਰ੍ਹਾਂ ਹੀ ਸੰਸਾਰ ਭਰ ਵਿਚ ਨਵਾਂ ਸਾਲ ਮਨਾਇਆ ਜਾਂਦਾ ਹੈ। ਯੂਗੋਸਲਾਵੀਆ ਵਿਚ ਨਵੇਂ ਸਾਲ ਦਾ ਜਸ਼ਨ ਦੀਵਾਲੀ ਦੇ ਤਿਉਹਾਰ ਵਾਂਗ ਅਤੇ ਸਕਾਟਲੈਂਡ ਵਿਚ ‘ਰੇਸਲੇ ਡੇ’ ਵਜੋਂ। ਇੰਗਲੈਂਡ, ਅਮਰੀਕਾ, ਆਸਟ੍ਰੇਲੀਆਂ ਆਦਿ ਵਿਚ ਇਸ ਦਿਨ ਖੂਬ ਜਸ਼ਨ ਮਨਾਏ ਜਾਂਦੇ ਹਨ, ਲੋਕ ਨਸ਼ੇ ਚ ਡੁਬਕੀਆਂ ਲਾਉਂਦੇ ਹਨ। ਇਰਾਨ ਵਿਚ ਨਵੇਂ ਸਾਲ ਦਾ ਸਵਾਗਤ 21 ਮਾਰਚ ਨੂੰ ਤੇ ਜਰਮਨੀ ਵਿਚ ਇਹ ਅਲੱਗ ਹੀ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ‘ਪਿਨਪਿਨੀ’ ਤਿਉਹਾਰ ਮਨਾ ਕੇ ਹਰੇਕ ਪਿਤਾ ਆਪਣੀਆਂ ਧੀਆਂ ਨੂੰ ਕੀਮਤੀ ਤੋਹਫੇ ਦਿੰਦਾ ਹੈ।
ਗੱਲ ਕੀ ਸੰਸਾਰ ਦੇ ਸਾਰੇ ਹੀ ਲੋਕ ਆਪਣੀਆਂ ਨਵੀਆਂ ਉਮੰਗਾਂ ਅਤੇ ਆਸਾਂ ਦੀ ਪੰਡ ਸਜਾ ਕੇ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਵਿਚ ਇਕ-ਦੂਜੇ ਨੂੰ ਵਧਾਈਆਂ ਦਿੰਦੇ ਹਨ ਅਤੇ ਆਸ ਕਰਦੇ ਹਨ ਕਿ ਇਹ ਸਾਲ ਸਭ ਲਈ ਖੁਸ਼ੀ ਭਰਿਆ ਹੋਵੇ। ਸਾਰੇ ਲੋਕ ਆਪਸੀ ਭਾਈਚਾਰਾ ਅਤੇ ਮਿਲਵਰਤਨ ਦੀ ਡੋਰੀ ਵਿਚ ਬੱਝੇ ਰਹਿਣ ਤਾਂ ਜੋ ਚਾਰੇ ਪਾਸੇ ਹੀ ਪਿਆਰ ਦਾ ਪਸਾਰਾ ਹੋਵੇ ਅਤੇ ਸਾਰੀ ਦੁਨੀਆਂ ਫੁੱਲਾਂ ਵਾਂਗ ਮੁਸਕਰਾਉਂਦੀ ਰਹੇ। ਸਭ ਨੂੰ ਨਵੇਂ ਸਾਲ ਦੀ ਲੱਖ-ਲੱਖ ਮੁਬਾਰਕ ਹੋਵੇ। ਪ੍ਰਸਿੱਧ ਗ਼ਜ਼ਲਗੋ ਹਰਭਜਨ ਧਰਨਾ ਦਾ ਸ਼ਿਅਰ ਹੈ:
ਆ ਨਵੇਂ ਸੁਪਨੇ ਸਜਾਈਏ,
ਪਿਆਰ ਦੀ ਦਹਿਲੀਜ਼ ’ਤੇ।
ਜ਼ਿੰਦਗੀ ਦੇ ਗੀਤ ਗਾਈਏ,
ਪਿਆਰ ਦੀ ਦਹਿਲੀਜ਼ ’ਤੇ।