ਖ਼ਾਲਸਾ ਪੰਥ ਦੀ ਸਿਰਜਣਾ ਦੀ ਇਤਿਹਾਸਕ ਵਿਸਾਖੀ

ਖ਼ਾਲਸਾ ਪੰਥ ਦੀ ਸਿਰਜਣਾ ਦੀ ਇਤਿਹਾਸਕ ਵਿਸਾਖੀ

ਡਾ. ਜਸਪਾਲ ਸਿੰਘ

1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪਵਿੱਤਰ ਇਤਿਹਾਸਕ ਧਰਤੀ ’ਤੇ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਸੀ। ਇਕ ਨਵੇਂ ਇਨਕਲਾਬ ਦਾ ਆਗਾਜ਼ ਹੋਇਆ ਸੀ ਅਤੇ ਸਦੀਆਂ ਤੋਂ ਗੁਲਾਮ ਹਿੰਦੁਸਤਾਨੀ ਜਨਤਾ ਵਿਚ ਇਕ ਨਵੀਂ ਚੇਤਨਾ, ਨਵੀਂ ਜਾਗ੍ਰਿਤੀ ਪੈਦਾ ਹੋ ਗਈ ਸੀ। ਇਤਿਹਾਸ ਗਵਾਹ ਹੈ ਕਿ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ, ਪੰਜਾਂ ਮਰਜ਼ੀਵੜਿਆਂ ਨੂੰ ਅੰਮ੍ਰਿਤਪਾਨ ਕਰਾ ਕੇ ਅਤੇ ਫਿਰ ਉਨ੍ਹਾਂ ਪਾਸੋਂ ਖ਼ੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ, ‘ਆਪੇ ਗੁਰ ਚੇਲਾ’ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਭਵਿੱਖ ਦੀ ਬਣਤਰ ਤੇ ਬੁਣਤੀ ਬਦਲ ਦਿੱਤੀ ਸੀ।
ਇਤਿਹਾਸਕ ਅਤੇ ਪਰੰਪਰਕ ਲਿਖਤਾਂ ਦੱਸਦੀਆਂ ਹਨ ਕਿ ਇਸ ਵਿਸਾਖੀ ਵਾਲੇ ਦਿਨ ਹਜ਼ਾਰਾਂ ਦੀ ਸਿੱਖ ਸੰਗਤ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ ਸੀ-ਸਾਰੀ ਸੰਗਤ ਮੈਨੂੰ ਪਿਆਰੀ ਹੈ। ਪਰ ਕੀ ਕੋਈ ਅਜਿਹਾ ਪਿਆਰਾ ਸਿੱਖ ਹੈ ਜਿਹੜਾ ਅੱਜ ਇਸੇ ਵੇਲੇ ਆਪਣਾ ਸਿਰ ਭੇਟ ਕਰਨ ਲਈ ਤਿਆਰ ਹੋਵੇ। ਲਾਹੌਰ ਦਾ ਰਹਿਣ ਵਾਲਾ ਦਇਆ ਰਾਮ ਉਠ ਖੜ੍ਹਾ ਹੋਇਆ। ਉਸ ਨੇ ਆਪਣਾ ਸਿਰ ਭੇਟ ਕਰ ਦਿੱਤਾ ਅਤੇ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਨੇੜੇ ਬਣੇ ਤੰਬੂ ਵੱਲ ਤੁਰ ਪਿਆ। ਕੁਝ ਦੇਰ ਬਾਅਦ ਲਹੂ-ਭਿੱਜੀ ਸ਼ਮਸ਼ੀਰ ਲੈ ਕੇ ਗੁਰੂ ਸਾਹਿਬ ਤੰਬੂ ਤੋਂ ਬਾਹਰ ਆਏ ਅਤੇ ਇਕ ਹੋਰ ਸਿਰ ਦੀ ਮੰਗ ਕੀਤੀ। ਇਸ ਵਾਰ ਹਸਤਨਾਪੁਰ ਦਾ ਧਰਮ ਦਾਸ ਸੰਗਤ ’ਚੋਂ ਉਠਿਆ ਅਤੇ ਗੁਰੂ ਸਾਹਿਬ ਦੇ ਪਿੱਛੇ ਤੁਰ ਪਿਆ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਤਿੰਨ ਵਾਰ ਹੋਰ ਸੀਸ ਦੀ ਮੰਗ ਕੀਤੀ। ਦੁਆਰਕਾ ਦਾ ਰਹਿਣ ਵਾਲਾ ਮੋਹਕਮ ਚੰਦ, ਜਗਨ-ਨਾਥ ਪੁਰੀ ਤੋਂ ਆਇਆ ਹਿੰਮਤ ਰਾਇ ਅਤੇ ਬਿਦਰ ਨਿਵਾਸੀ ਸਾਹਿਬ ਚੰਦ ਇਕ-ਇਕ ਕਰ ਕੇ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਆਪਣਾ ਸਿਰ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ। ਕੁਝ ਸਮੇਂ ਬਾਅਦ ਸੀਸ ਭੇਟ ਕਰਨ ਵਾਲੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਤੰਬੂ ਤੋਂ ਬਾਹਰ ਆਏ। ਇਨ੍ਹਾਂ ਪੰਜਾਂ ਮਰਜ਼ੀਵੜਿਆਂ, ਜਿਨ੍ਹਾਂ ਵਿਚੋਂ ਤਿੰਨ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ਨਾਲ ਸੰਬੰਧ ਰੱਖਣ ਵਾਲੇ ਸਨ, ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ‘ਪੰਜਾਂ ਪਿਆਰਿਆਂ’ ਦਾ ਖ਼ਿਤਾਬ ਦਿੱਤਾ ਅਤੇ ਨਵੀਂ ਭਾਈਚਾਰਕ ਜਥੇਬੰਦੀ ‘ਖ਼ਾਲਸਾ ਪੰਥ’ ਦੀ ਸਿਰਜਣਾ ਕਰ ਦਿੱਤੀ।
ਇਤਿਹਾਸ ਦੀ ਸੰਜੀਦਗੀ ਨਾਲ ਘੋਖ ਕਰੀਏ ਤਾਂ ਇਹ ਤੱਥ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ‘ਪੰਜ ਪਿਆਰਿਆਂ’ ਦਾ ਸੰਕਲਪ ਸਿੱਖ ਪਰੰਪਰਾ ਦਾ ਇਕ ਅਦੁੱਤੀ ਕਿਸਮ ਦਾ ਸੰਕਲਪ ਹੈ ਅਤੇ ਇਹੋ ਜਿਹੇ ਕਰਾਂਤੀਕਾਰੀ ਸੰਕਲਪ ਦੀ ਹੋਰ ਕੋਈ ਮਿਸਾਲ ਸਾਨੂੰ ਦੁਨੀਆ ਦੇ ਇਤਿਹਾਸ ’ਚੋਂ ਨਹੀਂ ਮਿਲਦੀ। ਫਿਰ ਇਸ ਇਤਿਹਾਸਕ ਹਕੀਕਤ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜੋ ਕੁਝ 1699 ਦੀ ਵਿਸਾਖੀ ਨੂੰ ਹੋਇਆ ਸੀ, ਉਸ ਦੇ ਪਿੱਛੇ ਸਿਧਾਂਤਕ ਤੌਰ ’ਤੇ ਸਮੁੱਚੀ ਗੁਰੂ ਪਰੰਪਰਾ ਖੜ੍ਹੀ ਸੀ।
ਇੱਥੇ ਇਹ ਅਹਿਮ ਨੁਕਤਾ ਵੀ ਹਮੇਸ਼ਾ ਧਿਆਨ ਵਿਚ ਰੱਖਣ ਵਾਲਾ ਹੈ ਕਿ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਜਿਹੜੀ ਇਤਿਹਾਸਕ ਘਟਨਾ ਵਾਪਰੀ ਸੀ, ਉਸ ਨੇ ਭਾਰਤੀ ਸਮਾਜ ਵਿਚ ਸੱਤਾ ਦੇ ਸਮੀਕਰਨ ਵੀ ਬਦਲ ਦਿੱਤੇ ਸਨ। ਪਿਛੜੇ ਵਰਗ ਨੂੰ ਸੱਤਾ ਵਿਚ ਹਿੱਸੇਦਾਰੀ ਦੁਆਉਣ ਦਾ ਰਾਹ ਪੱਧਰਾ ਕਰ ਦਿੱਤਾ ਸੀ। ਇਤਿਹਾਸਕ ਲਿਖਤਾਂ ਇਸ ਹਕੀਕਤ ਦੀ ਗਵਾਹੀ ਭਰਦੀਆਂ ਹਨ ਕਿ ਇਸ ਇਨਕਲਾਬ ਦੇ ਪਿਛੋਕੜ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਰਮਨ ਵਿਚ ਸਮੋਈ ਹਾਸ਼ੀਏ ’ਤੇ ਰਹਿ ਰਹੇ ਲੋਕਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਕਾਰਜਸ਼ੀਲ ਸੀ। ਗਿਆਨੀ ਗਿਆਨ ਸਿੰਘ ਦੇ ‘ਪੰਥ ਪ੍ਰਕਾਸ਼’ ਦੀਆਂ ਹੇਠਲੀਆਂ ਸਤਰਾਂ ਗੁਰੂ ਸਾਹਿਬ ਦੇ ਪਿਛੜੇ ਵਰਗ ਦੇ ਲੋਕਾਂ ਨਾਲ ਪ੍ਰਤੀਬੱਧਤਾ ਦੀ ਵਜ਼ਾਹਤ ਕਰਦੀਆਂ ਹਨ:
ਜਿਨ ਕੀ ਜਾਤਿ ਔਰ ਕੁਲ ਮਾਹੀ।
ਸਰਦਾਰੀ ਨਾਹਿ ਭਈ ਕਦਾਹੀਂ।
ਕੀਟਨ ਤੈ ਇਨ ਕੋ ਮ੍ਰਿਗਿੰਦੂ।
ਕਰੋ ਹਰਨ ਹਿਤ ਤੁਰਕ ਗਜਿੰਦੂ।
ਇਨ ਹੀ ਕੋ ਸਰਦਾਰ ਬਨਾਵੋਂ।
ਤਬੈ ਗੋਬਿੰਦ ਸਿੰਘ ਨਾਮ ਸਦਾਵੋਂ।
ਭਾਈ ਵੀਰ ਸਿੰਘ ਜੀ ਖ਼ਾਲਸਾ ਪੰਥ ਦੀ ਸਿਰਜਣਾ ਨੂੰ ਨਿਵੇਕਲੇ ਇਤਿਹਾਸਕ ਪ੍ਰਸੰਗ ਵਿਚ ਵੇਖਦੇ ਹਨ। ਉਨ੍ਹਾਂ ਦੀ ਇਹ ਇਬਾਰਤ ਇਥੇ ਉਚੇਚੇ ਤੌਰ ’ਤੇ ਪੜ੍ਹਨ ਵਾਲੀ ਹੈ। ਉਨ੍ਹਾਂ ਦਾ ਕਹਿਣਾ ਹੈ : ‘ਅਸੀਂ ਉਨ੍ਹਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ ‘ਹਿੰਦੂ ਕੁਸ਼’ ਰੱਖ ਦਿੱਤਾ ਗਿਆ ਹੈ। ਜਿਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰ ਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਂਅ ਹਿੰਦੂ-ਕੁਸ਼ ਧਰ ਦਿੱਤਾ ਹੈ। ਵਾਹ ਉਇ ਸਾਹਿਬਾ! ਸੁਹਣੇ ਕੁੰਡਿਲਆਲੇ ਕੇਸਾਂ ਵਾਲੇ ਕਲਗੀਧਰ! ਧੰਨ ਤੇਰੀ ਜਿੰਦ! ਤੇ ਜਿੰਦ ਪਾਣ ਦੀ ਰੱਬੀ ਤਾਕਤ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਲਦੇ ਹਨ। ਹਾਂ, ਸੋਹਣੇ ਕੇਸਾਂ ਵਾਲਿਆ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ-ਜੋ ਖਾਲਸਾ ਕਹੀਂਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ ’ਪੁਤ੍ਰ ਸੋਮਾ’ ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏਗਾ। ‘ਖ਼ਾਲਸਾ ਅਮਰ ਹੈ।’
ਇਤਿਹਾਸ ਇਸ ਹਕੀਕਤ ਦੀ ਵੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬ ਚਾਹੁੰਦੇ ਸਨ ਕਿ ਉਨ੍ਹਾਂ ਦਾ ਖ਼ਾਲਸਾ ਪੰਥ ਇਕ ਅਜਿਹੇ ਨਵੇਂ ਆਦਰਸ਼ਕ ਸਮਾਜ ਦੇ ਰੂਪ ਵਿਚ ਸੰਗਠਿਤ ਹੋ ਜਾਵੇ ਜਿਹੜਾ ਜਾਤ-ਪਾਤ ਦੇ ਵਿਤਕਰਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ। ‘ਪੰਥ ਪ੍ਰਕਾਸ਼’ ਦੀਆਂ ਇਹ ਪੰਕਤੀਆਂ, ਅੰਮ੍ਰਿਤ ਸੰਸਕਾਰ ਤੋਂ ਬਾਅਦ ਗੁਰੂ ਸਾਹਿਬ ਦੁਆਰਾ ਕੀਤੇ ਗਏ ਇਸ ਇਰਾਦੇ ਦੇ ਇਜ਼ਹਾਰ ਨੂੰ ਅੰਕਿਤ ਕਰਦੀਆਂ ਹਨ :
ਗੁਰ ਘਰ ਜਨਮ ਤੁਮਾਰੇ ਹੋਏ।
ਪਿਛਲੇ ਜਾਤਿ ਵਰਣ ਸਬ ਖੋਏ।
ਜਨਮ ਕੇਸ ਗੜ ਵਾਸਿ ਅਨਦੰ ਪੁਰ।
ਹੋਏ ਪੂਤ ਜਾਤਿ ਤੁਵ ਸਤਿਗੁਰ।
ਚਾਰ ਵਰਣ ਕੇ ਏਕੋ ਭਾਈ।
ਧਰਮ ਖਾਲਸਾ ਪਦਵੀ ਪਾਈ।
ਹਿੰਦੂ ਤੁਰਕ ਤੈ ਯਾਹਿ ਨਿਆਰਾ।
ਸਿੰਘ ਮਜਬ ਅਬ ਤੁਮਨੇ ਧਾਰਾ।
ਸਪੱਸ਼ਟ ਹੈ ਕਿ ਕੇਸਗੜ੍ਹ ਵਿਚ ਜਨਮ ਲੈ ਕੇ ਖ਼ਾਲਸਾ, ਅਨੰਦਪੁਰ ਦਾ ਵਾਸੀ ਹੋ ਗਿਆ ਸੀ। ਉਧਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ‘ਗਰੀਬ ਸਿੰਘਨ ਕੋ ਦਯੈ ਪਾਤਸ਼ਾਹੀ’ ਅਤੇ ‘ਇਨ ਹੀ ਕੋ ਸਰਦਾਰ ਬਨਾਵੋਂ’ ਵਾਲਾ ਬਚਨ ਪੂਰਾ ਹੋ ਗਿਆ ਸੀ। ਹਾਸ਼ੀਏ ’ਤੇ ਚਲੇ ਗਏ ਲੋਕ ਸੱਤਾ ਵਿਚ ਭਾਈਵਾਲ ਬਣ ਕੇ ਸਰਗਰਮ ਭੂਮਿਕਾ ਨਿਭਾਉਣ ਦੀ ਰਾਹ ’ਤੇ ਤੁਰ ਪਏ ਸਨ।
ਸਾਰੇ ਸੰਦਰਭ ਵਿਚ ਇਕ ਹੋਰ ਉਚੇਚਾ ਨੁਕਤਾ ਸਾਂਝਾ ਕਰਨਾ ਚਾਹੁੰਦਾ ਹਾਂ। ਸਿੱਖ ਪਰੰਪਰਾ ਤੇ ਫ਼ਲਸਫ਼ੇ ਮੁਤਾਬਕ ‘ਖ਼ਾਲਸਾ’ ਸ਼ਬਦ ਨੂੰ ਕਿਸ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ? ਖ਼ਾਲਸਾ ਕਿਸ ਨੂੰ ਕਿਹਾ ਜਾਂਦਾ ਹੈ ? ਕਵੀ ਸੈਨਾਪਤੀ ਨੇ ਖ਼ਾਲਸੇ ਦੀ ਪਰਿਭਾਸ਼ਾ ਕਰਦਿਆਂ ਦੱਸਿਆ ਹੈ ਕਿ ਜਿਹੜੇ ਅਕਾਲ ਪੁਰਖ ਦੇ ਨਾਮ ਨਾਲ ਜੁੜੇ ਹੋਣ ਕਰ ਕੇ ਨਿਰਮਲ ਹਨ ਅਤੇ ਜਿਨ੍ਹਾਂ ਦੇ ਅੰਤਹਕਰਣ ਵਿਚ ਪੂਰਾ ਚਾਨਣ ਹੈ, ਉਹੀ ਖ਼ਾਲਸੇ ਹਨ :
ਜਿਹ ਜਨ ਉਪਜਤ ਨਾਮ ਧੁਨਿ,
ਤਿਹ ਜਨ ਨਿਰਮਲ ਰੀਤਿ।
ਭਜਿ ਗੋਬਿੰਦ ਭਏ ਖਾਲਸਾ,
ਜਿਨ ਅੰਤਰਿ ਪਰਤੀਤ।
ਇਕ ਹੋਰ ਥਾਂ ’ਤੇ ਕਵੀ ਸੈਨਾਪਤੀ ‘ਸ੍ਰੀ ਗੁਰੂ ਸੋਭਾ’ ਵਿਚ ਦੱਸਦੇ ਹਨ ਕਿ ਦਸਮ ਪਿਤਾ ਨੇ ਐਲਾਨੀਆ ਤੌਰ ’ਤੇ ਮਸੰਦ ਵਿਵਸਥਾ ਖ਼ਤਮ ਕਰ ਕੇ ਸਿੱਧੇ ਰੂਪ ਵਿਚ ਸਿੱਖ ਸੰਗਤ ਨੂੰ ਆਪਣਾ ਖ਼ਾਲਸਾ ਕਰਾਰ ਦਿੱਤਾ ਸੀ :
ਤਬ ਸਿਖਨ ਯਹ ਬਾਤ ਬਤਾਈ,
ਸਤਿਗੁਰ ਪੁਰਖ ਮਹਾ ਸੁਖਦਾਈ।
ਆਗੈ ਜਿਨ ਕੈ ਨਾਇਬ ਹੋਤੇ,
ਨਾਵ ਮਸੰਦ ਮਗਲ ਥੇ ਜੇਤੇ।
ਸੇ ਸਤਿਗੁਰ ਕੀਏ ਦੂਰਿ ਸਭ,
ਪਰਮ ਜੋਤਿ ਨਿਜ ਧਾਰਿ।
ਸਕਲ ਸਿਖ ਭਏ ‘ਖਾਲਸਾ’,
ਸੁਨੀਐ ਸਾਚ ਵਿਚਾਰ।
‘ਪੰਥ ਪ੍ਰਕਾਸ਼’ ਵਿਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ-ਆਪਣੀ ਸ਼ਰਨ ਵਿਚ ਆਏ ਦੀਨ-ਦੁਖੀ ਦੀ ਰੱਖਿਆ ਕਰਨ ਅਤੇ ਉਸ ਦੀ ਇੱਛਾ ਦੀ ਪੂਰਤੀ ਕਰਨ ਦੀ ਸਮਰੱਥਾ ਖ਼ਾਲਸਾ ਪੰਥ ਵਿਚ ਹੈ ਅਤੇ ਇਹੀ ਖ਼ਾਲਸਾ ਪੰਥ ਦਾ ਪ੍ਰਮੁੱਖ ਗੁਣ ਵੀ ਹੈ। ਅਸਲ ਵਿਚ, ਇਤਿਹਾਸਕ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਜਿਹੜਾ ਵੀ ਖ਼ਾਲਸਾ ਪੰਥ ਦੀ ਸ਼ਰਨ ਵਿਚ ਆਇਆ ਹੈ, ਖ਼ਾਲਸਾ ਪੰਥ ਨੇ ਉਸ ਦੀ ਰੱਖਿਆ ਪੂਰੀ ਸਮਰੱਥਾ ਨਾਲ ਕੀਤੀ ਹੈ। ਇਤਿਹਾਸ ਗਵਾਹ ਹੈ ਕਿ ਖ਼ਾਲਸਾ ਪੰਥ ਨੇ ਹਿੰਦੁਸਤਾਨ ਦੀ ਢਾਲ ਬਣ ਕੇ ਤੁਰਕਾਂ ਨਾਲ ਸੰਘਰਸ਼ ਕੀਤਾ ਸੀ :
ਦਾਰਦੀ ਦੁਖਾਰੈ ਦੀਨ ਆਵੈ ਜੋ ਸਰਨ ਚੀਨ,
ਤਾਹੂੰ ਕੀ ਛਿਨੇਕ ਮਾਂਹਿ ਪੂਰੇ ਪੁੰਜ ਲਾਲਸਾ।
ਹਿੰਦੁਨ ਕੋ ਢਾਲਸਾ ਰੱਖਯਾ ਤੁਰਕ ਜਾਲਸਾ।
ਤੈ ਭਾਨੁ ਸੋ ਉਜਾਲਾ ਕਰੱਯਾ ਪੰਥ ਖਾਲਸਾ।
ਖ਼ਾਲਸਾ ਹੋਣ ਲਈ ਕਿਨ੍ਹਾਂ ਗੁਣਾਂ ਦੀ ਆਵਸ਼ਕਤਾ ਹੁੰਦੀ ਹੈ, ਇਸ ਦਾ ਖੁਲਾਸਾ ‘ਪ੍ਰੇਮ ਸੁਮਾਰਗ ਗ੍ਰੰਥ’ ਦੇ ਰਚਨਾਕਾਰ ਨੇ ਵੀ ਬੜੇ ਖ਼ੂਬਸੂਰਤ ਲਫ਼ਜ਼ਾਂ ਵਿਚ ਕੀਤਾ ਹੈ-‘ਖ਼ਾਲਸਾ ਉਹ ਹੈ ਜਿਹੜਾ ਲੋਭ ਨ ਕਰੈ; ਅਹੰਕਾਰ ਨ ਕਰੈ; ਬਹੁਤ ਮੋਹ ਨ ਕਰੈ; ਨਿੰਦਿਆ ਨ ਕਰੈ; ਅਰੁ ਅਸੁੱਭ ਭੀ ਨ ਬੋਲੈ। ਅਰੁ ਐਸਾ ਸੱਤ ਭੀ ਨ ਬੋਲੈ; ਜੋ ਕਿਸੈ ਦਾ ਬੁਰਾ ਹੁੰਦਾ ਹੋਵੈ। ਅਰੁ ਜੋ ਕਿਛੁ ਕਰੈ, ਸੁਮਤਿ ਹੀ ਕਰੈ। ਦੁਖਾਵੈ ਕਿਸੀ ਕੋ ਨਾਹੀ। ਮੁਖ ਤੇ ਮਿੱਠਾ ਬੋਲੈ। ਜੇ ਕੋਈ ਬੁਰਾ ਭਲਾ ਕਹੈ, ਮਨ ਬਿਖੈ ਲਿਆਵੈ ਨਾਹੀਂ। ਭਾਵੈਂ ਕੋਈ ਆਦਰੁ ਕਰੈ, ਭਾਵੈਂ ਕੋਈ ਅਨਾਦਰੁ ਕਰੈ; ਹਰਖ ਸੋਗ ਕਿਸੀ ਬਾਤ ਕਾ ਨ ਕਰੈ। ਪਰਾਏ ਦਰਬ ਕਉ ਅੰਗੀਕਾਰੁ ਨ ਕਰੈ। ਧਰਮ ਕੀ ਕਿਰਤਿ ਕਰ ਖਾਇ। ਦਾਤਾ ਗੁਰ ਬਾਬਾ ਅਕਾਲ ਪੁਰਖੁ ਹੈ; ਹੋਰਤਿ ਕਿਤੈ ਵਲਿ ਦੇਖੈ ਨਾਹੀ।’
ਆਖ਼ਰ ਵਿਚ, ਇੱਥੇ ਦਸਮ ਪਿਤਾ ਦੀ ਬਾਣੀ ਦੇ ਇਕ ਸਵੱਯੇ ਦੀਆਂ ਸਤਰਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਆਪਣੇ ਇਸ ਸਵੱਯੇ ਵਿਚ ਗੁਰੂ ਸਾਹਿਬ ਨੇ ਖ਼ਾਲਸੇ ਕਹਾਉਣ ਵਾਲੇ ਵਿਅਕਤੀ ਦੀ ਅੰਦਰਲੀ ਰਹਿਤ ਨੂੰ ਕਲਮਬੱਧ ਕੀਤਾ ਹੈ ਅਤੇ ਇਹ ਸਪੱਸ਼ਟ ਕੀਤਾ ਹੈ ਕਿ ਖ਼ਾਲਸਾ ਕਿਸ ਨੂੰ ਕਿਹਾ ਜਾਂਦਾ ਹੈ :
ਜਾਗਤ ਜੋਤਿ ਜਪੈ ਨਿਸ ਬਾਸੁਰ,
ਏਕ ਬਿਨਾ ਮਨ ਨੈਕ ਨਾ ਆਨੈ।
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ
ਮੜੀ ਮਟ ਭੂਲ ਨਾ ਮਾਨੈ।
ਤੀਰਥ ਦਾਨ ਦਇਆ ਤਪ
ਸੰਜਮ ਏਕ ਬਿਨਾ ਨਹਿ ਏਕ ਪਛਾਨੈ।
ਪੂਰਨ ਜੋਤ ਜਗੈ ਘਟ ਮੈ ਤਬ ਖਾਲਸ
ਤਾਹਿ ਨਖਾਲਸ ਜਾਨੈ।
ਬਹੁਤ ਸਪੱਸ਼ਟ ਹੈ ਕਿ ਭਰਮ-ਭੇਖ ਤੋਂ ਨਿਆਰੇ ਰਹਿ ਕੇ, ਆਪਣੇ ਚਿੱਤ ਨੂੰ ਹਮੇਸ਼ਾ ਅਕਾਲ ਪੁਰਖ ਦੇ ਚਰਨਾਂ ਵਿਚ ਰੱਖ ਕੇ ਜੀਵਨ ਜਿਊਣ ਵਾਲੇ ਮਨੁੱਖ ਖ਼ਾਲਸਾ ਕਹੇ ਜਾਂਦੇ ਹਨ। ਫਿਰ ਇਤਿਹਾਸਕ ਨਜ਼ਰੀਏ ਤੋਂ ਵੇਖੀਏ ਤਾਂ ਪੂਰੇ ਸਮਰਪਣ ਭਾਵ ਨਾਲ ਗੁਰੂ ਦੀ ਪੂਰੀ ਮਾਲਕੀ ਸਵੀਕਾਰਨ ਵਾਲੇ ਸਿੱਖ ਖ਼ਾਲਸਾ ਹੋ ਜਾਂਦੇ ਹਨ। ਉਨ੍ਹਾਂ ਨਾਲ ‘ਗੁਰ ਸੰਗਤ ਕੀਨੀ ਖਾਲਸਾ’ ਵਾਲੀ ਹਕੀਕਤ ਵਾਪਰ ਜਾਂਦੀ ਹੈ।