ਖ਼ਾਲਸਾ ਪੰਥ ਦੀ ਸਿਰਜਣਾ : ਇਤਿਹਾਸਕ ਪ੍ਰਸੰਗ

ਖ਼ਾਲਸਾ ਪੰਥ ਦੀ ਸਿਰਜਣਾ : ਇਤਿਹਾਸਕ ਪ੍ਰਸੰਗ

ਡਾ. ਜਸਪਾਲ ਸਿੰਘ
1699 ਦੀ ਵਿਸਾਖੀ ਦਾ ਦੁਨੀਆ ਦੇ ਇਤਿਹਾਸ ਵਿਚ ਆਪਣਾ ਨਿਵੇਕਲਾ ਮੁਕਾਮ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਸ ਵਿਸਾਖੀ ਵਾਲੇ ਦਿਨ ਇਕ ਐਸਾ ਇਨਕਲਾਬ ਵਾਪਰਿਆ ਸੀ, ਜਿਸ ਨੇ ਇਤਿਹਾਸ ਦੀ ਬਣਤਰ ਤੇ ਨੁਹਾਰ ਬਦਲ ਦਿੱਤੀ ਸੀ। ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਕ੍ਰਾਂਤੀਕਾਰੀ ਸੰਦੇਸ਼ ਦਿੱਤਾ ਸੀ ਅਤੇ ਹਿੰਦੁਸਤਾਨੀ ਜਨਤਾ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਸੀ। ਇਤਿਹਾਸ ਦੱਸਦਾ ਹੈ ਕਿ ਇਸ ਵਿਸਾਖੀ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਦੇ ਇਕੱਠ ਸਾਹਮਣੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਤਾਂ ਉਨ੍ਹਾਂ ਦੇ ਚਿਹਰੇ ’ਤੇ ਅਦੁੱਤੀ ਜਲਾਲ ਸੀ ਅਤੇ ਹੱਥ ਵਿਚ ਨੰਗੀ ਤਲਵਾਰ। ਆਪਣੇ ਮਨ-ਮੰਦਰ ਵਿਚ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਆਪਣੀ ਸੰਗਤ ਪਾਸੋਂ ਇਕ ਸਿਰ ਦੀ ਮੰਗ ਕੀਤੀ। ਸਾਰਾ ਇਕੱਠ ਇਹ ਵਿਚਿੱਤਰ ਮੰਗ ਸੁਣ ਕੇ ਇਕ ਵਾਰ ਅਚੰਭਿਤ ਹੋ ਗਿਆ, ਸਨਸਨੀ ਛਾ ਗਈ। ਪਰ ਇਕ ਸਿੱਖ ਉਠਿਆ ਤੇ ਉਸ ਨੇ ਆਪਣਾ ਆਪ ਗੁਰੂ ਜੀ ਦੀ ਭੇਟ ਕਰ ਦਿੱਤਾ। ਗੁਰੂ ਸਾਹਿਬ ਉਸ ਨੂੰ ਨਾਲ ਲੱਗੇ ਤੰਬੂ ਵਿਚ ਲੈ ਗਏ। ਥੋੜ੍ਹੀ ਦੇਰ ਬਾਅਦ ਖ਼ੂਨ ਨਾਲ ਭਿੱਜੀ ਕਿਰਪਾਨ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਇਕ ਹੋਰ ਸਿਰ ਦੀ ਮੰਗ ਕੀਤੀ। ਦੂਜੀ ਵਾਰ ਫਿਰ ਸੰਗਤ ਵਿਚ ਸਨਸਨੀ ਛਾ ਗਈ ਪਰ ਇਸ ਵਾਰ ਵੀ ਇਕ ਗੁਰੂ ਦਾ ਸਿੱਖ ਤੁਰ ਪਿਆ ਆਪਣਾ ਸੀਸ ਭੇਟ ਕਰਨ ਲਈ। ਇਸ ਤਰ੍ਹਾਂ ਪੰਜ ਵਾਰ ਗੁਰੂ ਸਾਹਿਬ ਨੇ ਸੰਗਤਾਂ ਦੇ ਇਕੱਠ ਵਿਚ ਕੁਰਬਾਨੀ ਦੀ ਮੰਗ ਕੀਤੀ ਅਤੇ ਪੰਜੇ ਵਾਰ ਗੁਰੂ ਦੀ ਸੰਗਤ ਪ੍ਰੀਖਿਆ ’ਚੋਂ ਪਾਸ ਹੋਈ। ਆਖਿਰ ਗੁਰੂ ਜੀ ਆਪਣੇ ਪੰਜਾਂ ਸਿੱਖਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਨਾਲ ਤੰਬੂ ’ਚੋਂ ਬਾਹਰ ਨਿਕਲੇ। ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਇਨ੍ਹਾਂ ਪੰਜਾਂ ਮਰਜੀਵੜਿਆਂ ਨੂੰ ਅੰਮ੍ਰਿਤ ਪਾਨ ਕਰਾ ਕੇ ‘ਪੰਜਾਂ ਪਿਆਰਿਆਂ’ ਦਾ ਖਿਤਾਬ ਦਿੱਤਾ। ਫਿਰ ‘ਆਪੇ ਗੁਰ ਚੇਲਾ’ ਕਹਾਉਣ ਵਾਲੇ ਗੁਰੂ ਨੇ ਵੀ ਇਨ੍ਹਾਂ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪਣੇ ਆਪ ਨੂੰ ਖ਼ਾਲਸੇ ਵਿਚ ਅਭੇਦ ਕਰ ਦਿੱਤਾ। ਇਤਿਹਾਸ ਸਾਖੀ ਹੈ ਕਿ ਇਸ ਸਾਰੇ ਵਰਤਾਰੇ ਤੋਂ ਬਾਅਦ ਹਜ਼ਾਰਾਂ ਸਿੱਖ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖ਼ਾਲਸਾ ਜਥੇਬੰਦੀ ਵਿਚ ਸ਼ਾਮਿਲ ਹੋ ਗਏ। ਸੱਯਦ ਮੁਹੰਮਦ ਲਤੀਫ਼ ਦੀ ‘ਹਿਸਟਰੀ ਆਫ਼ ਪੰਜਾਬ’ ਅਨੁਸਾਰ ਪਹਿਲੇ ਪੰਦਰਾਂ ਦਿਨਾਂ ਵਿਚ ਹੀ 80 ਹਜ਼ਾਰ ਤੋਂ ਵੱਧ ਲੋਕੀਂ ਅਨੰਦਪੁਰ ਸਾਹਿਬ ਪੁੱਜ ਚੁੱਕੇ ਸਨ ਅਤੇ ਗੁਰੂ ਸਾਹਿਬ ਦਾ ਮਾਰਗ ਅਪਣਾਉਣ ਲਈ ਤਤਪਰਤਾ ਨਾਲ ਆਪਣਾ ਆਪ ਪੇਸ਼ ਕਰ ਰਹੇ ਸਨ।
ਇਤਿਹਾਸ ਨੂੰ ਹੋਰ ਬਾਰੀਕੀ ਨਾਲ ਘੋਖੀਏ ਤਾਂ ਇਹ ਤੱਥ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਜੋੋ ਇਤਿਹਾਸਕ ਚਮਤਕਾਰ 1699 ਦੀ ਵਿਸਾਖੀ ਨੂੰ ਵਾਪਰਿਆ, ਉਸ ਦੇ ਪਿਛੋਕੜ ਵਿਚ ਸਮੁੱਚੀ ਗੁਰੂ ਪਰੰਪਰਾ ਖੜੀ ਸੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨਿਰੰਤਰਤਾ ਨਾਲ ਇਸ ਖ਼ਾਲਸਾ ਪੰਥ ਦੀ ਸਿਰਜਣਾ ਦਾ ਕਾਰਜ ਚਲ ਰਿਹਾ ਸੀ, ਜਿਸ ਨੂੰ ਅੰਤਿਮ ਛੋਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ। ਅਮਲੀ ਰੂਪ ਵਿਚ ਗੁਰੂ ਨਾਨਕ ਦੇਵ ਦੇ ਮਾਰਗ ਨੂੰ ਹੀ ’ਪੰਜ ਪਿਆਰੇ’ ਸਿਰਜ ਕੇ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ ਗਿਆ ਸੀ। ਇਸ ਤੱਥ ਦੀ ਪ੍ਰੋੜ੍ਹਤਾ ਕਰਨ ਲਈ ਇਥੇ ਦੋ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ। ਪਹਿਲਾ, ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਚਲ ਕੇ ਹਜ਼ਾਰਾਂ ਸਿੱਖਾਂ ਦਾ ਇਸ ਮੌਕੇ ’ਤੇ ਅਨੰਦਪੁਰ ਸਾਹਿਬ ਪਹੁੰਚਣਾ, ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਗੁਰੂ ਨਾਨਕ ਦੇਵ ਤੇ ਉਨ੍ਹਾਂ ਤੋਂ ਬਾਅਦ ਸਮੁੱਚੀ ਗੁਰੂ ਪਰੰਪਰਾ ਦੇ ਯਤਨਾਂ ਦੁਆਰਾ ਸਿੱਖੀ ਦਾ ਪ੍ਰਸਾਰ ਪੂਰੇ ਹਿੰਦੁਸਤਾਨ ਵਿਚ ਹੋ ਚੁੱਕਾ ਸੀ। ਕੋਈ ਸ਼ੱਕ ਨਹੀਂ ਕਿ ਇਹ ਇਕੱਠ ਉਸੇ ਸਿੱਖੀ ਦਾ ਸੀ ਜਿਹੜੀ ਸਿੱਖੀ ਗੁਰੂ ਪਰੰਪਰਾ ਦੇ ਦੋ ਸਦੀਆਂ ਦੇ ਨਿਰੰਤਰ ਪ੍ਰਚਾਰ ਨਾਲ ਫੈਲੀ ਸੀ। ਦੂਜਾ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਿਰਾਂ ਦੀ ਮੰਗ ਸੰਗਤਾਂ ਦੇ ਇਕੱਠ ’ਚੋਂ ਪੂਰੀ ਹੋਈ, ਇਸ ਤੱਥ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਉਦੋਂ ਤੱਕ ਸਿੱਖ ਸਮਾਜ ਕੁਰਬਾਨੀ ਦਾ ਪਾਠ ਪੜ੍ਹ ਚੁੱਕਿਆ ਸੀ। ਸਪੱਸ਼ਟ ਹੈ ਕਿ ਜੋ ਚਮਤਕਾਰ ਵਿਹਾਰਕ ਰੂਪ ਵਿਚ 1699 ਦੀ ਵਿਸਾਖੀ ਨੂੰ ਵਾਪਰਿਆ, ਉਹ ਬੀਜ ਰੂਪ ਵਿਚ ਇਕ ਸਿਧਾਂਤ ਦੀ ਤਰ੍ਹਾਂ ਪਹਿਲਾਂ ਤੋਂ ਮੌਜੂਦ ਸੀ।
ਇਥੇ ਇਹ ਹਕੀਕਤ ਵੀ ਯਾਦ ਰੱਖਣ ਵਾਲੀ ਹੈ ਕਿ ਗੁਰੂ ਸਾਹਿਬ ਵਿਤਕਰਿਆਂ ਦੇ ਸ਼ਿਕਾਰ ਭਾਰਤੀ ਸਮਾਜ ਦੀਆਂ ਵੱਖ-ਵੱਖ ਜਾਤਾਂ ਤੇ ਫਿਰਕਿਆਂ ਨੂੰ ਏਕਤਾ ਦੇ ਸੂਤਰ ਵਿਚ ਪਰੋਅ ਕੇ ਅਰਥਪੂਰਨ ਜੀਵਨ ਦੀ ਜਾਚ ਸਿਖਾਉਣਾ ਚਾਹੁੰਦੇ ਸਨ। ਸਾਰੇ ਸ਼ੋਸਿਤ ਸਮਾਜ ਨੂੰ ਰਾਜ-ਸੱਤਾ ਵਿਚ ਆਪਣੀ ਭਾਗੀਦਾਰੀ ਪ੍ਰਾਪਤ ਕਰਨ ਲਈ ਤਿਆਰ-ਬਰ-ਤਿਆਰ ਕਰਨਾ ਚਾਹੁੰਦੇ ਸਨ। ਗੁਰੂ ਸਾਹਿਬ ਦੀ ਇਸ ਯੋਜਨਾ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਆਪਣੇ ਪੰਥ ਪ੍ਰਕਾਸ਼ ਵਿਚ ਇਸ ਤਰ੍ਹਾਂ ਕਲਮ-ਬੰਦ ਕੀਤਾ ਹੈ:
ਇਨ ਚਿੜੀਅਨ ਤੇ ਬਾਜ ਤੁੜਾਵੋਂ।
ਅਜਾ ਸੁਤਨ ਤੇ ਸ਼ੇਰ ਕੁਰਾਵੋਂ।
ਸਿੱਖਨ ਕੋ ਭੁਗਤੈ ਹੋਂ ਰਾਜ।
ਤਬੈ ਸਦੈਹੋਂ ਗਰੀਬ ਨਿਵਾਜ।
ਇਕ ਗੱਲ ਹੋਰ। ਖ਼ਾਲਸਾ ਕੌਣ ਹੈ, ਕੀ ਪਰਿਭਾਸ਼ਾ ਹੈ ਖ਼ਾਲਸੇ ਦੀ? ਇਹ ਸਵਾਲ ਵੀ ਬਹੁਤ ਅਹਿਮ ਹੈ। ਸਾਡੀਆਂ ਇਤਿਹਾਸਕ ਤੇ ਰਵਾਇਤੀ ਲਿਖਤਾਂ ਵਿਚੋਂ ਇਸ ਸਵਾਲ ਦਾ ਜਵਾਬ ਮਿਲ ਜਾਂਦਾ ਹੈ। ‘ਪ੍ਰੇਮ ਸੁਮਾਰਗ ਗ੍ਰੰਥ’ ਵਿਚ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਬੜੇ ਢੁਕਵੇਂ ਅੰਦਾਜ਼ ਵਿਚ ਕੀਤਾ ਗਿਆ ਹੈ। ਲਿਖਤ ਦੀਆਂ ਸਤਰਾਂ ਇਸ ਤਰ੍ਹਾਂ ਹਨ:
‘ਸੋ ਕਉਨ ਖ਼ਾਲਸਾ ਹੈਨਿ?
ਜਿਨ੍ਹੀ ਕਿਨ੍ਹੀਂ ਆਪਣਾ ਤਨ ਮਨ ਧਨੁ
ਗੁਰੂ ਸ੍ਰੀ ਅਕਾਲ ਪੁਰਖ ਦੀ ਕਓ ਸਓਪਿਆ ਹੈ
ਕਿਸੀ ਬਾਤ ਕਾ ਉਨ ਕਓ ਹਰਖ ਸੋਗ ਨਾਹੀ
ਅਰ ਕਿਸੀ ਦੀ ਆਸਾ ਨਹੀਂ ਕਰਤੇ
ਅਰ ਇੰਦ੍ਰੀਆਂ ਆਪਣੀਆਂ ਕਓ ਜੀਤ ਬੈਠੇ ਹੈਨਿ
ਅਰ ਚਿਤਨਵੀ ਆਪਨੀ ਕਓ
ਸ੍ਰੀ ਅਕਾਲ ਪੁਰਖ ਜੀ ਦੇ
ਚਰਨਾਰਬਿੰਦ ਬਿਖੈ ਰਖਿਆ ਹੈ’
ਕਵੀ ਸੈਨਾਪਤੀ ਰਚਿਤ ’ਸ੍ਰੀ ਗੁਰ ਸੋਭਾ’ ਅਨੁਸਾਰ ਖ਼ਾਲਸਾ ਉਹ ਹੈ ਜਿਸ ਦੇ ਹਿਰਦੇ ਵਿਚ ਕਿਸੇ ਕਿਸਮ ਦਾ ਭਰਮ ਨਹੀਂ। ਭਰਮ ਭੇਖ ਤੋਂ ਨਿਆਰਾ ਵਿਅਕਤੀ ਹੀ ਖ਼ਾਲਸਾ ਅਖਵਾ ਸਕਦਾ ਹੈ:
ਖ਼ਾਲਸਾ ਖਾਸ ਕਹਾਵੈ ਸੋਈ,
ਜਾ ਕੈ ਹਿਰਦੈ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ,
ਸੋ ਖ਼ਾਲਸਾ ਸਤਿਗੁਰੂ ਹਮਾਰਾ।
ਭਾਈ ਰਤਨ ਸਿੰਘ ਭੰਗੂ ਨੇ ਖ਼ਾਲਸਾ ਸ਼ਬਦ ਨੂੰ ਨਿਵੇਕਲੀ ਦ੍ਰਿਸ਼ਟੀ ਤੋਂ ਪ੍ਰਭਾਸ਼ਿਤ ਕੀਤਾ ਹੈ। ਉਸ ਅਨੁਸਾਰ ਖ਼ਾਲਸਾ ਪੂਰਨ ਪ੍ਰਭੂਸੱਤਾ ਦਾ ਮਾਲਕ ਹੈ, ਖੁਦਮੁਖਤਿਆਰ ਹੈ। ਕਿਸੇ ਦੀ ਈਨ ਮੰਨਣਾ ਉਸ ਦੇ ਸੁਭਾਅ ਵਿਚ ਸ਼ਾਮਿਲ ਨਹੀਂ। ਉਹ ਆਪ ਖੁਦਾਈ ਸ਼ਕਤੀ ਦਾ ਪ੍ਰਤੀਕ ਹੈ ਅਤੇ ਖੁਦਾਈ ਗੁਣਾਂ ਦਾ ਧਾਰਨੀ ਹੈ:
ਖ਼ਾਲਸੋ ਹੋਵੈ ਖੁਦ ਖੁਦਾ
ਜਿਸ ਖੂਬੀ ਖੂਬ ਖੁਦਾਇ।
ਆਨ ਨਾ ਮਾਨੈ ਆਨ ਕੀ
ਇਕ ਸੱਚੇ ਬਿਨ ਪਾਤਿਸ਼ਾਹਿ।
ਭਾਈ ਨੰਦ ਲਾਲ ਦੇ ‘ਤਨਖਾਹਨਾਮਾ’ ਵਿਚ ਖ਼ਾਲਸੇ ਦੇ ਗੁਣਾਂ ਦੀ ਇਕ ਲੰਮੀ ਫਹਿਰਿਸਤ ਦਿੱਤੀ ਹੋਈ ਹੈ। ਮਿਸਾਲ ਵਜੋਂ ਨਿੰਦਾ ਦਾ ਤਿਆਗ ਕਰਨ ਵਾਲਾ, ਰਣ ਭੂਮੀ ਵਿਚ ਲੜ ਮਰਨ ਵਾਲਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰ-ਮੁਕਾਉਣ ਵਾਲਾ, ਭਰਮਾਂ-ਵਹਿਮਾਂ ਦਾ ਨਾਸ ਕਰਨ ਵਾਲਾ ਖ਼ਾਲਸਾ ਹੈ:
ਖ਼ਾਲਸਾ ਸੋਇ ਜੋ ਨਿੰਦਾ ਤਿਆਗੈ।
ਖ਼ਾਲਸਾ ਸੋਇ ਲੜੈ ਹੋਇ ਆਗੈ।
ਖ਼ਾਲਸਾ ਸੋਇ ਪੰਚ ਕੋ ਮਾਰੈ।
ਖ਼ਾਲਸਾ ਸੋਇ ਭਰਮ ਕੋ ਸਾੜੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਇਤਿਹਾਸਕ ਦ੍ਰਿਸ਼ਟੀ ਤੋਂ ਵੇਖੀਏ ਤਾਂ 1699 ਦੀ ਵਿਸਾਖੀ ’ਤੇ ਅਨੰਦਪੁਰ ਦੀ ਪਵਿੱਤਰ ਧਰਤੀ ਤੇ, ਸਿੱਖੀ ਦੇ ਬੁਨਿਆਦੀ ਅਸੂਲਾਂ ਅਤੇ ਸਿਧਾਂਤਾਂ ਉੱਪਰ ਵਿਸ਼ਵਾਸ ਰੱਖਣ ਵਾਲਾ, ਭਰਮ-ਭੇਖ ਤੋਂ ਨਿਆਰਾ ਰਹਿ ਕੇ ਆਪਣੇ ਚਿਤ ਨੂੰ ਹਮੇਸ਼ਾ ਅਕਾਲ ਪੁਰਖ ਦੇ ਚਰਨਾਂ ਵਿਚ ਟਿਕਾ ਕੇ ਵਿਲੱਖਣ ਜੀਵਨ ਜਿਊਣ ਵਾਲਾ, ਇਨਕਲਾਬੀ, ਮਰਜੀਵੜਾ, ਖ਼ੁਦਮੁਖਿਤਿਆਰ ਖ਼ਾਲਸਾ ਪੰਥ ਹੋਂਦ ਵਿਚ ਆਇਆ। ਖ਼ਾਲਸਾ ਪੰਥ ਦੀ ਸਿਰਜਣਾ ਦੇ ਨਿਵੇਕਲੇ ਇਤਿਹਾਸਕ ਪ੍ਰਸੰਗ ਵਿਚ ਪ੍ਰੋ. ਪੂਰਨ ਸਿੰਘ ਦੁਆਰਾ ਲਿਖੀ ਇਹ ਇਬਾਰਤ ਵੀ ਪੜ੍ਹਨ ਵਾਲੀ ਹੈ। ਉਨ੍ਹਾਂ ਦਾ ਕਹਿਣਾ ਹੈ ‘ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਰਬ-ਲੋਹ ਦੀ ਪਾਹੁਲ ਨਾਲ ਜੀਵਨ-ਧਾਰਾ ਦਾ ਨਵ-ਸੰਚਾਲਨ ਕੀਤਾ, ਉਹ ਇਕ ਅਜਿਹੀ ਪ੍ਰੇਰਨਾ ਸ਼ਕਤੀ ਹੈ ਜੋ ਮਨੁੱਖ ਦੀ ਨਵੇਂ ਧਰਮ ਵਿਚ ਨਵੀਂ ਘਾੜਤ ਘੜਦੀ ਹੈ ਅਤੇ ਉਸ ਨੂੰ ਪ੍ਰੇਮ ਵਿਚ ਮ੍ਰਿਤੂ ਦਾ ਪਾਠ ਪੜ੍ਹਾਉਂਦੀ ਹੈ। ਇਹ ਉਨ੍ਹਾਂ ਗੁਰੂ ਵਰੋਸਾਏ ਪਿਆਰਿਆਂ ਵਲੋਂ ਬਖ਼ਸ਼ੀ ਜਾਂਦੀ ਦਾਤ ਹੈ, ਜਿਨ੍ਹਾਂ ਨੂੰ ਗੁਰੂ ਨੇ ਨਵਾਂ ਵਿਅਕਤਿਤਵ ਬਖਸ਼ਣ ਦਾ ਅਧਿਕਾਰ ਪ੍ਰਦਾਨ ਕੀਤਾ ਹੈ। ਇਹ ਦੈਵੀ-ਛੋਹ ਮਨੁੱਖ ਨੂੰ ਨਵ-ਮਾਨਵ ਤੇ ਦੇਵਤਾ ਬਣਾ ਦੇਣ ਦੀ ਕਰਾਮਾਤ ਹੈ।’
ਲੇਖ ਦੇ ਆਖਿਰ ਵਿਚ, ਹਿੰਦੀ ਜਗਤ ਦੇ ਮਹਾਨ ਸਾਹਿਤਕਾਰ, ਹਜਾਰੀ ਪ੍ਰਸ਼ਾਦ ਦਿਵੇਦੀ ਦੀਆਂ ਵੱਡੇ ਮਹੱਤਵ ਵਾਲੀਆਂ ਕੁਝ ਸਤਰਾਂ ਇਥੇ ਦਰਜ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦਾ ਕਥਨ ਹੈ-‘ਇਤਿਹਾਸ ਦੇ ਪੰਡਿਤਾਂ ਨੇ ਬੜੇ ਅਸਚਰਜ ਨਾਲ ਦੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਅਦਭੁਤ ਚਮਤਕਾਰ ਕਰ ਦਿਖਾਇਆ। ਜਨਤਾ ਨਿਰਾਸ਼ ਸੀ, ਉਸ ਵਿਚ ਕਿਸੇ ਕਿਸਮ ਦਾ ਆਤਮ-ਸਨਮਾਨ ਨਹੀਂ ਸੀ ਰਹਿ ਗਿਆ। ਅੱਤਿਆਚਾਰ ਅਤੇ ਅਨਾਚਾਰ ਨੂੰ ਕਿਸਮਤ ਦਾ ਦੋਸ਼ ਕਹਿ ਕੇ ਸਵੀਕਾਰ ਕਰ ਲਿਆ ਸੀ। ਐਸੇ ਹੀ ਲੋਗਾਂ ਵਿਚ ਉਨ੍ਹਾਂ ਨੇ ਮਹਾਨ ਸੂਰਬੀਰ ਪੈਦਾ ਕਰ ਦਿੱਤੇ। ਮੌਤ ਦੇ ਡਰ ਨੂੰ ਮੰਨੋ ਮੰਤਰ ਦੀ ਸ਼ਕਤੀ ਨਾਲ ਉੜਾ ਦਿੱਤਾ। ਸਿਰ ਹਥੇਲੀ ਉਤੇ ਰੱਖ ਕੇ ਇਨ੍ਹਾਂ ਯੋਧਿਆਂ ਨੇ ਅਨਿਆਂ ਨੂੰ ਲਲਕਾਰਿਆ ਅਤੇ ਦੇਖਦਿਆਂ-ਦੇਖਦਿਆਂ ਇਤਿਹਾਸ ਪਲਟ ਦਿੱਤਾ। ਇਤਿਹਾਸ ਵਿਚ ਇਹੋ ਜਿਹੀ ਅਘਟਿਤ ਘਟਨਾ ਘੱਟ ਹੀ ਦੇਖੀ ਗਈ ਹੈ। ਕਾਲ ਦੇ ਰਥ-ਚੱਕਰ ਨੂੰ ਇਸ ਤਰ੍ਹਾਂ ਮੌੜ ਦੇਣਾ, ਗੁਰੂ ਜੀ ਦੀ ਹੀ ਕਰਾਮਾਤ ਸੀ।’ ਸੁਆਮੀ ਵਿਵੇਕਾਨੰਦ ਨੇ ਵੀ ਖ਼ਾਲਸਾ ਪੰਥ ਦੀ ਸਿਰਜਣਾ ਦੇ ਮਹੱਤਵ ਨੂੰ ਕਲਮ ਬੰਦ ਕਰਦਿਆਂ ਇਸ ਸਚਾਈ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ-‘ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਦੀਕਸ਼ਾ (ਅੰਮ੍ਰਿਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨ੍ਹਾਂ ਵਿਚ ਸ਼ਕਤੀ ਦਾ ਸੰਚਾਰ ਹੋ ਗਿਆ ਸੀ। ਹਰ ਇਕ ਦੀਛਤ ਮਨੁੱਖ ਵਿਚ ਸਵਾ ਲੱਖ ਮਨੁੱਖਾਂ ਦੀ ਸ਼ਕਤੀ ਸੰਚਰਿਤ ਹੋ ਗਈ ਸੀ। ਭਾਰਤ ਵਿਚ, ਉਸ ਦੇ ਇਤਿਹਾਸ ਵਿਚ, ਇਸ ਵਰਗਾ ਕੋਈ ਹੋਰ ਦ੍ਰਿਸ਼ਟਾਂਤ ਵਿਰਲਾ ਹੀ ਮਿਲੇਗਾ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ।’