ਖਹਿਰਾ ਵੱਲੋਂ ਪਰਿਵਾਰ ਨੂੰ ਇਨਸਾਫ਼ ਤੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ

ਖਹਿਰਾ ਵੱਲੋਂ ਪਰਿਵਾਰ ਨੂੰ ਇਨਸਾਫ਼ ਤੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ

ਬੱਲੀ ਕਤਲ ਕਾਂਡ
ਮੋਗਾ-ਪਿੰਡ ਡਾਲਾ ਵਿੱਚ ਮਰਹੂਮ ਕਾਂਗਰਸ ਆਗੂ ਬਲਜਿੰਦਰ ਸਿੰਘ ਬੱਲੀ ਦੀ ਹੱਤਿਆ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅਫਸੋਸ ਕਰਨ ਲਈ ਸਿਆਸੀ ਆਗੂਆਂ ਦਾ ਆਉਣਾ ਜਾਣਾ ਜਾਰੀ ਹੈ ਅਤੇ ਪਰਿਵਾਰ ਨੇ ਅਸਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਬਲਜਿੰਦਰ ਸਿੰਘ ਬੱਲੀ ਦੀ 18 ਸਤੰਬਰ ਨੂੰ ਹਮਲਾਵਰਾਂ ਨੇ ਦਿਨ ਦਿਹਾੜੇ ਘਰ ਅੰਦਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸੀਨੀਅਰ ਕਾਂਗਰਸ ਆਗੂ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪਿੰਡ ਡਾਲਾ ਵਿੱਚ ਮਰਹੂਮ ਕਾਂਗਰਸ ਆਗੂ ਬਲਜਿੰਦਰ ਸਿੰਘ ਬੱਲੀ ਦੀ ਪਤਨੀ ਨਵਦੀਪ ਕੌਰ ਅਤੇ ਪੁੱਤਰ ਸਨਵੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ। ਖ਼ਹਿਰਾ ਨੇ ਪਰਿਵਾਰ ਵੱਲੋਂ ਆਖਿਆ ਕਿ ਅਸਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਸਰਕਾਰ ਨੂੰ ਅਪੀਲ ਕੀਤੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਸਚਾਈ ਸਾਹਮਣੇ ਆ ਸਕੇ ਤਾਂ ਜੋ ‘ਪਰਿਵਾਰ ਨੂੰ ਇਨਸਾਫ ਤੇ ਕਾਤਲਾਂ ਨੂੰ ਸਜ਼ਾ’ ਮਿਲ ਸਕੇ। ਉਨ੍ਹਾਂ ਸੂਬੇ ਵਿੱਚ ਲਗਾਤਾਰ ਡਰ ਅਤੇ ਬਦਅਮਨੀ ਦੇ ਮਾਹੌਲ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਸਰਕਾਰ ਨੂੰ ਗੈਂਗਸਟਰਾਂ ਤੇ ਡਰੱਗ ਮਾਫ਼ੀਆ ਖ਼ਿਲਾਫ਼ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਘਟਨਾ ਦਾ ਗੰਭੀਰ ਨੋਟਿਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਮੌਜੂਦਾ ਹਾਲਾਤ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ, ਭੂਪਿੰਦਰ ਸਿੰਘ ਸਾਹੋਕੇ ਤੇ ਜਿਲ੍ਹਾ ਪਰਿਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਵੀ ਮੌਜੂਦ ਸਨ।