ਖਹਿਰਾ ਦੇ ਪੁਲੀਸ ਰਿਮਾਂਡ ’ਚ ਮੁੜ ਦੋ ਦਿਨ ਦਾ ਵਾਧਾ

ਖਹਿਰਾ ਦੇ ਪੁਲੀਸ ਰਿਮਾਂਡ ’ਚ ਮੁੜ ਦੋ ਦਿਨ ਦਾ ਵਾਧਾ

ਜਲਾਲਾਬਾਦ- ਇੱਥੇ ਅੱਜ ਅਦਾਲਤ ਨੇ ਸਦਰ ਥਾਣਾ ਜਲਾਲਾਬਾਦ ਵਿੱਚ 2015 ਦੇ ਇੱਕ ਨਸ਼ਾ ਤਸਕਰੀ ਕੇਸ ਵਿੱਚ ਨਾਮਜ਼ਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁਲੀਸ ਰਿਮਾਂਡ ਵਿੱਚ ਮੁੜ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਵੱਲੋਂ ਖਹਿਰਾ ਦਾ ਦੋ-ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਜਾ ਚੁੱਕਾ ਹੈ। ਖਹਿਰਾ ਨੂੰ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੱਜ ਰਾਮਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰ ਵੱਲੋਂ ਕੇਸ ਦੀ ਪੈਰਵੀ ਕਰਦੇ ਹੋਏ ਸਰਕਾਰੀ ਵਕੀਲ ਬਲਜੀਤ ਸਿੰਘ ਨੇ ਅਦਾਲਤ ਵਿੱਚ ਸਰਕਾਰ ਦਾ ਪੱਖ ਪੇਸ਼ ਕੀਤਾ ਅਤੇ ਪੁਲੀਸ ਜਾਂਚ ਵਿੱਚ ਖਹਿਰਾ ਦੇ ਪਾਸਪੋਰਟ ਦੀ ਜਾਂਚ ਨੂੰ ਲੈ ਕੇ ਪੁਲੀਸ ਰਿਮਾਂਡ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਬਚਾਅ ਪੱਖ ਵੱਲੋਂ ਅਦਾਲਤ ਵਿੱਚ ਫਾਜ਼ਿਲਕਾ ਤੋਂ ਸੀਨੀਅਰ ਵਕੀਲ ਸੰਜੀਵ ਕੰਬੋਜ, ਜਲਾਲਾਬਾਦ ਤੋਂ ਸੀਨੀਅਰ ਵਕੀਲ ਨਿਤਨਿ ਮਿੱਡਾ ਅਤੇ ਫ਼ਿਰੋਜ਼ਪੁਰ ਤੋਂ ਸੀਨੀਅਰ ਵਕੀਲ ਗੁਰਜੇਸ਼ ਬਜਾਜ ਨੇ ਖਹਿਰਾ ਦੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਖਹਿਰਾ ਦੇ ਪਾਸਪੋਰਟ ਦੀ ਕਾਪੀ ਜਾਂਚ ਏਜੰਸੀ ਅਤੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਗਈ ਹੈ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਹਿਰਾ ਨੂੰ ਦੋ ਦਿਨ ਹੋਰ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਪੁਲੀਸ ਖਹਿਰਾ ਨੂੰ ਆਪਣੇ ਨਾਲ ਲੈ ਗਈ। ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਖਹਿਰਾ ਨਾਲ ਡਟ ਕੇ ਖੜ੍ਹੇ ਹਨ। ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਅਦਾਲਤ ਵਿਚ ਪੁੱਜੇ ਸਨ।