ਖਡੂਰ ਸਾਹਿਬ ਵਿੱਚ ਗ੍ਰੰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਖਡੂਰ ਸਾਹਿਬ ਵਿੱਚ ਗ੍ਰੰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਗ੍ਰੰਥੀ ਦੀ ਲੱਤ ਵੱਢ ਕੇ ਨਾਲ ਲੈ ਗਏ ਹਮਲਾਵਰ; ਪੁਲੀਸ ਨੇ ਜਾਂਚ ਆਰੰਭੀ
ਸ੍ਰੀ ਗੋਇੰਦਵਾਲ ਸਾਹਿਬ- ਕਸਬਾ ਖਡੂਰ ਸਾਹਿਬ ਦੇ ਵਸਨੀਕ ਇੱਕ ਗ੍ਰੰਥੀ ਸਿੰਘ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਬੀਤੀ ਦੇਰ ਰਾਤ ਉਸ ਵੇਲੇ ਵਾਪਰੀ, ਜਦੋਂ ਗ੍ਰੰਥੀ ਡਿਊਟੀ ਸਮਾਪਤ ਹੋਣ ਮਗਰੋਂ ਆਪਣੇ ਘਰ ਪਰਤ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਗ੍ਰੰਥੀ ਸਿੰਘ ਗੰਭੀਰ ਜ਼ਖ਼ਮੀ ਹੋਇਆ ਹੈ ਤੇ ਹਮਲਾਵਰ ਉਸ ਦੀ ਇੱਕ ਲੱਤ ਵੱਢ ਕੇ ਨਾਲ ਲੈ ਗਏ ਹਨ। ਜ਼ਖ਼ਮੀ ਦੀ ਪਛਾਣ ਸੁਖਚੈਨ ਸਿੰਘ ਚੰਨਾ (54) ਪੁੱਤਰ ਸ਼ੇਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਬਾਣੀਆਂ ਦੇ ਗੁਰਦੁਆਰੇ ਵਿੱਚ ਡਿਊਟੀ ਕਰਦਾ ਸੀ। ਰਾਤ ਵਾਪਸੀ ਵੇਲੇ ਜਦੋਂ ਉਹ ਖਡੂਰ ਸਾਹਿਬ ਦੇ ਬਿਜਲੀ ਘਰ ਨੇੜੇ ਪੁੱਜਿਆ ਤਾਂ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਜ਼ਖਮੀ ਸੁਖਚੈਨ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਸ ਵੇਲੇ ਉਹ ਜ਼ੇਰੇ ਇਲਾਜ ਹੈ। ਜ਼ਖ਼ਮੀ ਗ੍ਰੰਥੀ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਚੌਕੀ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਘਟਨਾ ਵਾਲੀ ਥਾਂ ਦੇਖ ਲਈ ਹੈ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।