ਖਟਕੜ ਕਲਾਂ: ਸ਼ਹੀਦਾਂ ਦੀਆਂ ਤਸਵੀਰਾਂ ਦੀ ਮੁੜ ਸਥਾਪਤੀ ’ਚ ਦੇਰੀ ਲਈ ‘ਕਾਰਨ ਦੱਸੋ’ ਨੋਟਿਸ

ਖਟਕੜ ਕਲਾਂ: ਸ਼ਹੀਦਾਂ ਦੀਆਂ ਤਸਵੀਰਾਂ ਦੀ ਮੁੜ ਸਥਾਪਤੀ ’ਚ ਦੇਰੀ ਲਈ ‘ਕਾਰਨ ਦੱਸੋ’ ਨੋਟਿਸ

ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਤੋਂ ਜਵਾਬ ਮੰਗਿਆ
ਬੰਗਾ- ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਮ ਆਦਮੀ ਕਲੀਨਿਕ ਖਟਕੜ ਕਲਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਲਗਾਉਣ ਵਿੱਚ ਹੋਈ ਦੇਰੀ ਲਈ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਬਾਅਦ ਇਹ ਤਸਵੀਰਾਂ ਨਵੀਆਂ ਬਣਵਾ ਕੇ ਮੁੜ ਤੋਂ ਕਲੀਨਿਕ ਵਿਚ ਲਗਾ ਦਿੱਤੀਆਂ ਗਈਆਂ ਹਨ।

ਖਟਕੜ ਕਲਾਂ ਦੇ ਆਮ ਆਦਮੀ ਕਲੀਨਿਕ ਵਿਚ ਭਗਤ ਸਿੰਘ, ਮਾਤਾ ਵਿਦਿਆਵਤੀ ਅਤੇ ਚਾਚਾ ਅਜੀਤ ਸਿੰਘ ਦੀਆਂ ਤਸਵੀਰਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪੁੱਜੇ। ਉਨ੍ਹਾਂ ਕਿਹਾ ਕਿ ਮੁਰੰਮਤ ਅਤੇ ਨਵੀਨੀਕਰਨ ਦੀ ਕਾਰਵਾਈ, ਜਿਸ ਵਿੱਚ ਇਮਾਰਤ ਦੀ ਸਫ਼ੈਦੀ ਵੀ ਸ਼ਾਮਲ ਸੀ, ਦੇ ਮੱਦੇਨਜ਼ਰ ਇੱਥੇ ਪਹਿਲਾਂ ਲੱਗੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਅਜੇ ਵੀ ਜਾਰੀ ਹੈ ਅਤੇ ਇਹ ਇਮਾਰਤ ਪੰਜ ਅਪਰੈਲ ਤੱਕ ਸਿਹਤ ਵਿਭਾਗ ਨੂੰ ਸੌਂਪੀ ਜਾਣੀ ਹੈ। ਇਸ ਲਈ ਤਸਵੀਰਾਂ ਦੀ ਮੁੜ ਸਥਾਪਨਾ ਵਿੱਚ ਹੋਈ ਦੇਰੀ ਤੇ ਇਨ੍ਹਾਂ ਤਸਵੀਰਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਮਾਰਤ ਤੋਂ ਹਟਾਈਆਂ ਗਈਆਂ ਤਸਵੀਰਾਂ ਦਾ ਰੰਗ ਪੁਰਾਣੀਆਂ ਹੋਣ ਕਾਰਨ ਫਿੱਕਾ ਪੈ ਗਿਆ ਸੀ ਅਤੇ ਕੰਮ ਕਰਵਾਉਣ ਵਾਲੀ ਏਜੰਸੀ ਨੂੰ ਨਵੀਆਂ ਤਸਵੀਰਾਂ ਦੁਬਾਰਾ ਬਣਵਾ ਕੇ ਲਗਾਉਣ ਲਈ ਕਿਹਾ ਗਿਆ ਸੀ।

ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕੁਝ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਕਲੀਨਿਕ, ਖਟਕੜ ਕਲਾਂ ਦੇ ਸਾਈਨ ਬੋਰਡ ’ਤੇ ਰੰਗ ਫੇਰ ਦਿੱਤਾ ਸੀ। ਥਾਣਾ ਬੰਗਾ ਸਦਰ ਪੁਲੀਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਦੇ ਨਾਂ ’ਤੇ ਅਤੇ ਪੰਜ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਬੰਗਾ ਸਬ ਡਿਵੀਜ਼ਨ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਬਲਜੀਤ ਸਿੰਘ ਵਾਸੀ ਪਿੰਡ ਧਰਮਕੋਟ ਥਾਣਾ ਸਦਰ ਨਵਾਂਸ਼ਹਿਰ, ਰਾਜੂ ਖਾਨ ਵਾਸੀ ਬਰਨਾਲਾ ਥਾਣਾ ਸਿਟੀ ਨਵਾਂਸ਼ਹਿਰ ਅਤੇ ਕਮਲਦੀਪ ਵਾਸੀ ਪਿੰਡ ਮੱਲੂਪੋਤਾ ਥਾਣਾ ਸਦਰ ਬੰਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੋਰਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।

ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਸਾਥੀਆਂ ਸਮੇਤ ਕਲੀਨਿਕ ਪੁੱਜੇ

ਵਿਰੋਧੀ ਧਿਰਾਂ ਵਲੋਂ ਇਸ ਕਲੀਨਿਕ ’ਤੇ ਸ਼ਹੀਦਾਂ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਾਉਣ ਦਾ ਮੁੱਦਾ ਚੁੱਕਿਆ ਗਿਆ ਸੀ ਪਰ ਅੱਜ ਇਸ ਕਲੀਨਿਕ ਉੱਤੇ ਪਹਿਲਾਂ ਵਾਂਗ ਸ਼ਹੀਦਾਂ ਦੀਆਂ ਤਸਵੀਰਾਂ ਮੁੜ ਟੰਗੀਆਂ ਮਿਲੀਆਂ। ਇਸ ਸਬੰਧੀ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਕਲੀਨਿਕ ਦੀ ਮੁਰੰਮਤ ਕਰਕੇ ਤਸਵੀਰਾਂ ਉਤਾਰੀਆਂ ਗਈਆਂ ਸਨ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਮੁੜ ਉਸੇ ਥਾਂ ’ਤੇ ਲਾ ਦਿੱਤਾ ਗਿਆ ਹੈ। ਦੂਜੇ ਬੰਨ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਸਾਥੀਆਂ ਸਮੇਤ ਉਕਤ ਕਲੀਨਿਕ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਪਹਿਲਾਂ ਮਿਨੀ ਪੀਐੱਚਸੀ ਹੁੰਦਿਆਂ ਮੈਡੀਕਲ ਸਹੂਲਤਾਂ ਵੱਧ ਮਿਲਦੀਆਂ ਸਨ ਪਰ ਹੁਣ ਸਹੂਲਤਾਂ ਘਟਣ ਨਾਲ ਮਰੀਜ਼ਾਂ ਦੀ ਗਿਣਤੀ ਵੀ ਘਟ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਤਸਵੀਰ ਚਮਕਾਉਣ ਲਈ ਸ਼ਹੀਦਾਂ ਦੀਆਂ ਫ਼ੋਟੋਆਂ ਨੂੰ ਉਤਾਰ ਦੇਣਾ ਮੰਦਭਾਗਾ ਹੈ।