ਕੱਚੇ ਕਾਮਿਆਂ ਵੱਲੋਂ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ

ਕੱਚੇ ਕਾਮਿਆਂ ਵੱਲੋਂ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ

ਪੰਜਾਬ ਭਰ ਤੋਂ ਪੁੱਜੇ ਅਧਿਆਪਕਾਂ ਤੇ ਦਫ਼ਤਰੀ ਕਾਮਿਆਂ ਨੇ ਕੀਤੀ ਨਾਅਰੇਬਾਜ਼ੀ; ਪੁਲੀਸ ਨੇ ਬੈਰੀਕੇਡ ਲਾ ਕੇ ਰੋਕਿਆ
ਸੰਗਰੂਰ – 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਪੁੱਜੇ ਸੈਂਕੜੇ ਸਿੱਖਿਆ ਪ੍ਰੋਵਾਈਡਰਾਂ, ਦਫ਼ਤਰੀ ਕਾਮਿਆਂ, ਆਈਈਵੀ ਰਿਸੋਰਸ ਅਧਿਆਪਕਾਂ ਅਤੇ ਆਈਈਆਰਟੀ ਦਫ਼ਤਰੀ ਕਾਮਿਆਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ। ਉੱਧਰ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿੱਚ ਇੰਦਰਜੀਤ ਸਿੰਘ ਮਾਨਸਾ ਲਗਾਤਾਰ ਛੇਵੇਂ ਦਿਨ ਵੀ ਟੈਂਕੀ ਉਪਰ ਡਟਿਆ ਰਿਹਾ। ਪ੍ਰਦਰਸ਼ਨਕਾਰੀ ਕੱਚੇ ਅਧਿਆਪਕਾਂ ਅਤੇ ਦਫ਼ਤਰੀ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਅੱਜ ਪੰਜਾਬ ਭਰ ਤੋਂ ਪੁੱਜੇ ਕੱਚੇ ਅਧਿਆਪਕਾਂ ਤੇ ਦਫ਼ਤਰੀ ਕਾਮੇ ਪਿੰਡ ਖੁਰਾਣਾ ਵਿੱਚ ਟੈਂਕੀ ਹੇਠਾਂ ਇਕੱਠੇ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧੇ ਪਰ ਭਾਰੀ ਪੁਲੀਸ ਫੋਰਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਪਿੱਛੇ ਹੀ ਰੋਕ ਲਿਆ। ਇਸ ਮਗਰੋਂ ਕੱਚੇ ਅਧਿਆਪਕਾਂ ਨੇ ਸੜਕ ਉਪਰ ਹੀ ਧਰਨਾ ਲਗਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ, ਦਫਤਰੀ ਕਰਮਚਾਰੀ ਯੂਨੀਅਨ ਦੇ ਕੁਲਦੀਪ ਸਿੰਘ, ਆਈਈਵੀ ਦੇ ਗੁਰਲਾਲ ਸਿੰਘ ਅਤੇ ਆਈਈਆਰਟੀ ਦੇ ਵਰਿੰਦਰ ਵੋਹਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਇਸ਼ਤਿਹਾਰੀ ਬੋਰਡਾਂ ਰਾਹੀਂ ਰੈਗੂਲਰ ਕੀਤਾ ਗਿਆ ਹੈ, ਜਦਕਿ ਅਜੇ ਤੱਕ ਕਿਸੇ ਵੀ ਕੱਚੇ ਅਧਿਆਪਕ ਨੂੰ ਰੈਗੂਲਰ ਆਰਡਰ ਨਸੀਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੱਚੇ ਅਧਿਆਪਕ ਪਿਛਲੇ 10/15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਜੋ ਸੀਐੱਸਆਰ ਰੂਲਾਂ ਤਹਿਤ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਾਅਦੇ ਅਤੇ 8736 ਅਧਿਆਪਕਾਂ ਨੂੰ ਪੱਕੇ ਕਰਨ ਦੇ ਲਗਾਏ ਇਸ਼ਤਿਹਾਰੀ ਬੋਰਡਾਂ ਅਨੁਸਾਰ ਪੱਕੇ ਕਰਨ। ਇਸ ਮੌਕੇ ਡੀਟੀਐਫ਼ ਦੇ ਸੂਬਾ ਆਗੂ ਬਲਵੀਰ ਲੌਂਗੋਵਾਲ, ਐੱਸਸੀਬੀਸੀ ਯੂਨੀਅਨ ਦੇ ਆਗੂ ਸਮਸ਼ੇਰ ਸਿੰਘ, ਐਚ.ਟੀ/ਸੀਐੱਚਟੀ ਯੂਨੀਅਨ ਦੇ ਆਗੂ ਜਸਵੀਰ ਸਿੰਘ ਮੋਗਾ, ਈਟੀਟੀ ਯੂਨੀਅਨ ਦੇ ਆਗੂ ਅਵਤਾਰ ਸਿੰਘ ਭਲਵਾਨ, ਮਾਸਟਰ ਕੇਡਰ ਯੂਨੀਅਨ ਦੇ ਬਲਜਿੰਦਰ ਸਿੰਘ ਧਾਲੀਵਾਲ ਆਦਿ ਨੇ ਸੰਬੋਧਨ ਕੀਤਾ।