ਕ੍ਰਿਕਟ ਵਿਸ਼ਵ ਕੱਪ: ਮੋਦੀ ਤੇ ਰਿਚਰਡ ਮਾਰਲਸ ਦੇੇਖਣਗੇ ਖ਼ਿਤਾਬੀ ਮੁਕਾਬਲਾ

ਕ੍ਰਿਕਟ ਵਿਸ਼ਵ ਕੱਪ: ਮੋਦੀ ਤੇ ਰਿਚਰਡ ਮਾਰਲਸ ਦੇੇਖਣਗੇ ਖ਼ਿਤਾਬੀ ਮੁਕਾਬਲਾ

ਗੁਜਰਾਤ ਦੇ ਮੁੱਖ ਮੰਤਰੀ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ: ਆਸਟਰੇਲਿਆਈ ਟੀਮ ਅਹਿਮਦਾਬਾਦ ਪੁੱਜੀ
ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਇੱਥੇ ਭਾਰਤ ਤੇ ਆਸਟਰੇਲੀਆ ਦਰਮਿਆਨ ਐਤਵਾਰ ਨੂੰ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਣ ਲਈ ਮੌਜੂਦ ਰਹਿਣਗੇ। ਇਹ ਖ਼ਿਤਾਬੀ ਮੁਕਾਬਲਾ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਇਸ ਸਬੰਧੀ ਸੁਰੱਖਿਆ ਤੇ ਹੋਰ ਪ੍ਰਬੰਧਾਂ ਦੀ ਸਮੀਖਿਆ ਲਈ ਅੱਜ ਗਾਂਧੀਨਗਰ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ ਹੈ। ਭਾਰਤੀ ਟੀਮ ਵੀਰਵਾਰ ਸ਼ਾਮ ਨੂੰ ਇੱਥੇ ਪਹੁੰਚ ਗਈ ਸੀ, ਜਦੋਂਕਿ ਆਸਟਰੇਲਿਆਈ ਟੀਮ ਅੱਜ ਸ਼ਹਿਰ ਪਹੁੰਚੀ ਹੈ। ਭਾਰਤੀ ਟੀਮ ਨੇ ਅੱਜ ਨਰਿੰਦਰ ਮੋਦੀ ਸਟੇਡੀਅਮ ਵਿੱਚ ਅਭਿਆਸ ਕੀਤਾ। ਅਧਿਕਾਰਿਤ ਬਿਆਨ ’ਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਐਤਵਾਰ ਨੂੰ ਮੈਚ ਦੇਖਣਗੇ। ਮੁੱਖ ਮੰਤਰੀ ਪਟੇਲ ਨੇ ਸੁਰੱਖਿਆ ਤੇ ਹੋਰ ਪ੍ਰਬੰਧਾਂ ਬਾਰੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਹੈ।’’ ਬਿਆਨ ਮੁਤਾਬਕ, ਪੁਲੀਸ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਮੈਦਾਨ, ਟੀਮਾਂ, ਵਾਈਆਈਪੀਜ਼ ਦੀ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਾਂ ਲਈ 4500 ਜਵਾਨ ਤਾਇਨਾਤ ਕਰਨ ਸਮੇਤ ਮੈਚ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਮੈਚ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਪ੍ਰਸ਼ੰਸਕਾਂ ਦੇ ਅਹਿਮਦਾਬਾਦ ਪਹੁੰਚਣ ਦੀ ਉਮੀਦ ਹੈ।