ਕ੍ਰਿਕਟ ਵਿਸ਼ਵ ਕੱਪ: ਅਫ਼ਗਾਨਿਸਤਾਨ ਦੀ ਨੈਦਰਲੈਂਡਜ਼ ’ਤੇ ਵੱਡੀ ਜਿੱਤ

ਕ੍ਰਿਕਟ ਵਿਸ਼ਵ ਕੱਪ: ਅਫ਼ਗਾਨਿਸਤਾਨ ਦੀ ਨੈਦਰਲੈਂਡਜ਼ ’ਤੇ ਵੱਡੀ ਜਿੱਤ

ਲਖਨਊ- ਕਪਤਾਨ ਹਸ਼ਮਤੁੱਲਾ ਸ਼ਹੀਦੀ ਅਤੇ ਰਹਿਮਤ ਸ਼ਾਹ ਦੇ ਅਰਧ ਸੈਂਕੜਿਆਂ ਅਤੇ ਮੁਹੰਮਦ ਨਬੀ ਦੀ ਵਧੀਆ ਗੇਂਦਬਾਜ਼ੀ ਸਦਕਾ ਅਫਗਾਨਿਸਤਾਨ ਨੇ ਇਥੇ ਅੱਜ ਨੈਦਰਲੈਂਡਜ਼ ’ਤੇ 7 ਵਿਕਟਾਂ ਦੀ ਆਸਾਨ ਜਿੱਤ ਦਰਜ ਕਰਕੇ ਵਿਸ਼ਵ ਕੱਪ ਵਿੱਚ ਸੈਮੀਫਾਈਨਲ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਮੁਹੰਮਦ ਨਬੀ ਨੇ ਤਿੰਨ ਵਿਕਟਾਂ ਲਈਆਂ।

ਅਫਗਾਨਿਸਤਾਨ ਨੇ ਆਪਣੇ ਸਪਿੰਨਰਾਂ ਅਤੇ ਸ਼ਾਨਦਾਰ ਫੀਲਡਿੰਗ ਦੇ ਦਮ ‘ਤੇ ਡੱਚ ਟੀਮ ਨੂੰ 179 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਅਤੇ ਫਿਰ 31.3 ਓਵਰਾਂ ਵਿੱਚ ਟੀਚੇ ਦਾ ਪਿੱਛਾ ਕਰ ਲਿਆ। ਇਸ ਤੋਂ ਪਹਿਲਾਂ ਅਫਗਾਨਿਸਤਾਨ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡਜ਼ ਦੀ ਪੂਰੀ ਟੀਮ 46.3 ਓਵਰਾਂ ‘ਚ 179 ਦੌੜਾਂ ‘ਤੇ ਆਊਟ ਹੋ ਗਈ। ਨੀਦਰਲੈਂਡਜ਼ ਲਈ ਸਭ ਤੋਂ ਵੱਧ 58 ਦੌੜਾਂ ਸਾਈਬਰੈਂਡ ਏਂਗਲਬ੍ਰੈਚਟ ਨੇ ਬਣਾਈਆਂ। ਟੀਮ ਦੇ ਚਾਰ ਬੱਲੇਬਾਜ਼ ਰਨ ਆਊਟ ਹੋਏ। ਅਫ਼ਗ਼ਾਨਿਸਤਾਨ ਲਈ ਮੁਹੰਮਦ ਨਬੀ ਨੇ ਤਿੰਨ ਅਤੇ ਨੂਰ ਅਹਿਮਦ ਨੇ ਦੋ ਵਿਕਟਾਂ ਲਈਆਂ। ਸੱਤ ਮੈਚਾਂ ਵਿੱਚ ਚੌਥੀ ਜਿੱਤ ਨਾਲ ਅਫਗਾਨਿਸਤਾਨ ਦੇ ਅੱਠ ਅੰਕ ਹੋ ਗਏ ਅਤੇ ਉਹ ਪਾਕਿਸਤਾਨ ਤੋਂ ਅੱਗੇ ਪੰਜਵੇਂ ਸਥਾਨ ‘ਤੇ ਪਹੁੰਚ ਗਿਆ। ਇਸ ਟੂਰਨਾਮੈਂਟ ‘ਚ ਮੌਜੂਦਾ ਚੈਂਪੀਅਨ ਇੰਗਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਉਣ ਵਾਲੇ ਅਫਗਾਨਿਸਤਾਨ ਦੇ ਹਾਲਾਂਕਿ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਖਿਲਾਫ ਦੋ ਮੁਸ਼ਕਿਲ ਮੈਚ ਬਾਕੀ ਹਨ ਅਤੇ ਉਨ੍ਹਾਂ ਦੀ ਕਿਸਮਤ ਇਨ੍ਹਾਂ ਦੇ ਨਤੀਜਿਆਂ ‘ਤੇ ਨਿਰਭਰ ਕਰਦੀ ਹੈ। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ‘ਤੇ ਜਿੱਤਾਂ ਨਾਲ ਦੁਨੀਆ ਨੂੰ ਹੈਰਾਨ ਕਰਨ ਵਾਲੀ ਨੀਦਰਲੈਂਡ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ ਜਦੋਂ ਕਿ ਉਸ ਦੇ ਅਜੇ ਦੋ ਮੈਚ ਬਾਕੀ ਹਨ ਤੇ ਅਜੇ ਤਕ ਉਸ ਦੇ ਚਾਰ ਅੰਕ ਹਨ।