ਕ੍ਰਿਕਟ ਵਿਸ਼ਵ ਕੱਪ: ਅਫ਼ਗ਼ਾਨਿਸਤਾਨ ਵੱਲੋਂ ਇੰਗਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ

ਕ੍ਰਿਕਟ ਵਿਸ਼ਵ ਕੱਪ: ਅਫ਼ਗ਼ਾਨਿਸਤਾਨ ਵੱਲੋਂ ਇੰਗਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ

ਨਵੀਂ ਦਿੱਲੀ- ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਦੀਆਂ 57 ਗੇਂਦਾਂ ਵਿੱਚ 80 ਦੌੜਾਂ ਤੋਂ ਬਾਅਦ ਮੁਜੀਬ-ਉਰ-ਰਹਿਮਾਨ ਦੀ ਅਗਵਾਈ ਹੇਠ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਅੱਜ ਇੱਥੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਨਾਲ ਮਾਤ ਦਿੱਤੀ। ਪਹਿਲੇ ਦੋ ਮੈਚ ਹਾਰ ਕੇ ਇੱਥੇ ਆਈ ਅਫਗਾਨਿਸਤਾਨ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਇੰਗਲੈਂਡ ਦੀ ਟੀਮ ਨੂੰ ਪਛਾੜ ਦਿੱਤਾ। ਇੰਗਲੈਂਡ ਵੱਲੋਂ ਦਿੱਤੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗ਼ਾਨਿਸਤਾਨ ਦੀ ਟੀਮ ਨੇ 49.5 ਓਵਰਾਂ ਵਿੱਚ 284 ਦਾ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 40.3 ਓਵਰਾਂ ਵਿੱਚ 215 ਦੌੜਾਂ ’ਤੇ ਹੀ ਆਊਟ ਹੋ ਗਈ। ਇੰਗਲੈਂਡ ਲਈ ਹੈਰੀ ਬਰੁੱਕ (61 ਗੇਂਦਾਂ ਵਿੱਚ 66 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਡੇਵਿਡ ਮਲਾਨ ਨੇ 32, ਆਦਿਲ ਰਸ਼ਿਦ ਨੇ 20, ਮਾਰਕ ਵੁੱਡ ਨੇ 18, ਰੀਸ ਟੋਪਲੇ ਨੇ 15, ਜੋਅ ਰੂਟ ਨੇ 11, ਕਪਤਾਨ ਜੋਸ ਬਟਲਰ ਨੇ 9 ਅਤੇ ਜੌਨੀ ਬੇਅਰਸਟੋਅ ਨੇ ਦੋ ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਪਹਿਲਾਂ 16 ਗੇਂਦਾਂ ’ਚ 28 ਦੌੜਾਂ ਬਣਾਉਣ ਵਾਲੇ ਮੁਜੀਬ ਨੇ ਗੇਂਦਬਾਜ਼ੀ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਪਿੰਨਰ ਰਾਸ਼ਿਦ ਖਾਨ ਨੇ ਤਿੰਨ, ਮੁਹੰਮਦ ਨਬੀ ਨੇ ਦੋ ਅਤੇ ਫਜ਼ਲਹੱਕ ਫਾਰੂਕੀ ਤੇ ਨਵੀਨ-ਉਲ-ਹੱਕ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਅਫ਼ਗ਼ਾਨ ਟੀਮ ਲਈ ਗੁਰਬਾਜ਼ ਨੇ 57 ਗੇਂਦਾਂ ’ਤੇ 80 ਦੌੜਾਂ ਦੀ ਤੇਜ਼ਤੱਰਾਰ ਪਾਰੀ ਖੇਡੀ। ਨਜ਼ੀਬੁੱਲ੍ਹਾ ਜ਼ਾਦਰਾਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਇਕਰਾਮ ਅਲੀਖਿਲ ਨੇ 58 ਦੌੜਾਂ ਦੀ ਪਾਰੀ ਖੇਡੀ। ਹੋਰ ਅਫ਼ਗ਼ਾਨ ਬੱਲੇਬਾਜ਼ਾਂ ’ਚੋਂ ਇਬਰਾਹਿਮ ਜ਼ਾਦਰਾਨ ਤੇ ਮੁਜੀਬੁਰ ਰਹਿਮਾਨ ਨੇ 28-28 ਜਦੋਂਕਿ ਰਾਸ਼ਿਦ ਖ਼ਾਨ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਆਦਿਲ ਰਾਸ਼ਿਦ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।