ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕੈਪਟਨ ਦੀ ਰਿਹਾਇਸ਼ ਅੱਗੇ ਧਰਨਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕੈਪਟਨ ਦੀ ਰਿਹਾਇਸ਼ ਅੱਗੇ ਧਰਨਾ

ਸੜਕੀ ਆਵਾਜਾਈ ਠੱਪ ਕੀਤੀ; ਭਾਜਪਾ ’ਤੇ ਕਾਰਪੋਰੇਟ ਪੱਖ ਘਰਾਣਿਆਂ ਦੀ ਹਮਾਇਤ ਕਰਨ ਦੇ ਦੋਸ਼
ਪਟਿਆਲਾ-
ਇੱਥੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕਰਦਿਆਂ, ਪੈਲੇਸ ਦੇ ਗੇਟ ਮੂਹਰੇ ਸੜਕ ’ਤੇ ਧਰਨਾ ਮਾਰ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ।

ਇਸ ਧਰਨੇ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਗੁੱਸੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਅੱਜ ਪੰਜਾਬ ਭਰ ’ਚ ਕੈਪਟਨ ਸਮੇਤ ਭਾਜਪਾ ਪੱਖੀ ਵਿਚਾਰਧਾਰਾ ਵਾਲੇ ਪੰਜ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕਰ ਕੇ ਮਿਹਨਤਕਸ਼ ਲੋਕਾਂ ਅਤੇ ਕਿਸਾਨਾਂ ਨੂੰ ਵਿਦੇਸ਼ੀ ਕਾਰਪੋਰੇਟੀ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕੀਤੇ ਜਾਣ ਕਰ ਕੇ ਇਹ ਪ੍ਰਦਰਸ਼ਨ ਕੀਤੇ ਗਏ ਹਨ।

ਇਸ ਮੌਕੇ ਡਾ. ਦਰਸ਼ਨਪਾਲ, ਗੁਰਮੀਤ ਦਿੱਤੂਪੁਰ, ਹਰਨੇਕ ਭੱਲਮਜਰਾ, ਹਰਿੰਦਰ ਸਿੰਘ, ਸੁਖਵਿੰਦਰ ਤੁੱਲੇਵਾਲ, ਗੁਰਜੰਟ ਸਿੰਘ ਸਿੰਭੜੋ, ਸੁਖਵਿੰਦਰ ਲਾਲੀ, ਰਾਜਿੰਦਰ ਮਹਿਮੂਦਪੁਰ, ਅਵਤਾਰ ਕੌਰਜੀਵਾਲਾ, ਜਸਬੀਰ ਚਨਾਰਥਲ, ਪਰਮਵੀਰ ਸਿੰਘ, ਸੁੱਚਾ ਸਿੰਘ, ਹਰਭਜਨ ਸਿੰਘ ,ਚਰਨਜੀਤ ਕੌਰ, ਨਿਸ਼ਾਨ ਧਰਮੇਹੜੀ, ਲਖਵਿੰਦਰ ਬਲਬੇੜਾ, ਲਸ਼ਕਰ ਸਿੰਘ, ਪਰਮਜੀਤ ਚੀਮਾ, ਬਲਵਿੰਦਰ ਚਨਾਰਥਲ ਅਤੇ ਹਰਜਿੰਦਰ ਸਿੰਘ ਆਦਿ ਆਗੂ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਮੋਤੀ ਮਹਿਲ ਦੁਆਲੇ ਕਾਫੀ ਸਮੇਂ ਬਾਅਦ ਅੱਜ ਪ੍ਰਦਰਸ਼ਨ ਹੋਇਆ ਹੈ। ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਤਾਂ ਵਾਈਪੀਐੱਸ ਚੌਕ ’ਚ ਹੀ ਬੈਰੀਕੇਡ ਲਗਾ ਲਏ ਜਾਂਦੇ ਸਨ ਪਰ ਅੱਜ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫ਼ਲਾ ਮੋਤੀ ਮਹਿਲ ਦੇ ਧੁਰ ਗੇਟ ਤੱਕ ਜਾ ਅੱਪੜਿਆ। ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਦਰਸ਼ਨਪਾਲ ਨੇ ਕਿਹਾ ਕਿ ਦਿੱਲੀ ਵਿਚਲੇ ਕਿਸਾਨ ਧਰਨੇ ਸਮੇਂ ਪੰਜਾਬ ਵਿੱਚ ਭਾਜਪਾ ਦੀ ਸਿਆਸੀ ਹੋਂਦ ਖ਼ਤਮ ਹੋ ਕੇ ਰਹਿ ਗਈ ਸੀ ਪਰ ਹੁਣ ਕੁਝ ਧਿਰਾਂ ਭਾਜਪਾ ਦੀਆਂ ਝੋਲੀ ਚੁੱਕ ਬਣ ਕੇ ਭਾਜਪਾ ਦੀਆਂ ਲੋਕ ਅਤੇ ਕਿਸਾਨ ਮਾਰੂ ਨੀਤੀਆਂ ਨੂੰ ਪ੍ਰਫੁੱਲਤ ਕਰਨ ਦਾ ਕਾਰਨ ਬਣ ਰਹੀਆਂ ਹਨ। ਦੇਸ਼ ਦੀ ਹਕੂਮਤ ਕਾਰਨ ਲੋਕਾਂ ਦੀ ਆਰਥਿਕ ਜ਼ਿੰਦਗੀ ਕਾਰਪੋਰੇਟ ਨੀਤੀਆਂ ਦੇ ਹਮਲਿਆਂ ਕਾਰਨ ਦੁੱਭਰ ਹੋ ਚੁੱਕੀ ਹੈ। ਸਿਆਸੀ ਨਿਘਾਰ ਦੇ ਇਸ ਦੌਰ ਵਿੱਚ ਲੋਕ ਹੀ ਇਸ ਦਾ ਖਾਤਮਾ ਕਰ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਗੇ।