ਕੌਮੀ ਰਾਜਧਾਨੀ ਦੇ ਕਈ ਇਲਾਕੇ ਯਮੁਨਾ ਦੀ ਮਾਰ ਹੇਠ

ਕੌਮੀ ਰਾਜਧਾਨੀ ਦੇ ਕਈ ਇਲਾਕੇ ਯਮੁਨਾ ਦੀ ਮਾਰ ਹੇਠ

ਦਿੱਲੀ ਦੇ ਨੀਵੇਂ ਖੇਤਰਾਂ ਦੀ ਹਾਲਤ ਹੋਈ ਮਾੜੀ; ਸੜਕਾਂ ’ਤੇ ਲੱਗੇ ਰਹੇ ਜਾਮ; ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਰੋਕ
ਨਵੀਂ ਦਿੱਲੀ- ਯਮੁਨਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਿੱਲੀ ਦੇ ਨੀਵੇਂ ਖੇਤਰਾਂ ਦੀ ਹਾਲਤ ਕੱਲ੍ਹ ਨਾਲੋਂ ਵੀ ਮਾੜੀ ਹੋ ਗਈ ਹੈ। ਲੋਕ ਆਪਣਾ ਘਰ-ਬਾਰ ਛੱਡ ਕੇ ਜਾ ਰਹੇ ਹਨ ਹਲਾਂਕਿ ਪ੍ਰਸ਼ਾਸਨ ਹਾਲਤ ਸਥਿਰ ਬਣਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਲੋਕਾਂ ਭੋਜਨ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਪਾਣੀ ਵਾਲੀਆਂ ਥਾਂਵਾਂ ਤੋਂ ਲੋਕਾਂ ਨੂੰ ਰਾਹਤ ਕੈਂਪਾਂ ’ਚ ਲਿਜਾਇਆ ਜਾ ਰਿਹਾ ਹੈ। ਦਿੱਲੀ ਦਾ ਕਸ਼ਮੀਰੀ ਗੇਟ ਦੇ ਇਲਾਕਾ, ਅੰਤਰਰਾਜੀ ਬੱਸ ਟਰਮੀਨਲ ਕਸ਼ਮੀਰੀ ਗੇਟ (ਆਈਐਸਬੀਟੀ), ਯਮੁਨਾ ਬਾਜ਼ਾਰ, ਨਿਗਮ ਬੋਧ ਘਾਟ, ਰਿੰਗ ਰੋਡ ਦੇ ਯਮੁਨਾ ਕਿਨਾਰੇ ਦੇ ਇਲਾਕਿਆਂ ਲਾਲ ਕਿਲ੍ਹਾ, ਆਈਟੀਓ, ਭੈਰੋਂ ਸਿੰਘ ਮਾਰਗ, ਓਖਲਾ, ਕਾਲਿੰਦੀ ਕੁੰਜ, ਮਿਊਰ ਵਿਹਾਰ ਦੇ ਨੀਵੇਂ ਇਲਾਕੇ ਯਮੁਨਾ ਦਾ ਪਾਣੀ ਦੀ ਮਾਰ ਹੇਠ ਆ ਗਏ ਹਨ।
ਇਸ ਵਾਰ ਆਏ ਹੜ੍ਹ ਦੌਰਾਨ ਪਾਣੀ ਲਾਲ ਕਿਲ੍ਹੇ ਦੀ ਪਿਛਲੀ ਕੰਧ ਨੂੰ ਛੂਹ ਗਿਆ ਹੈ। ਕਸ਼ਮੀਰੀ ਗੇਟ ਆਈਐੱਸਬੀਟੀ, ਸਰਾਏ ਕਾਲੇ ਖਾਂ ਆਈਐਸਬੀਟੀ ਨੂੰ ਜਾਂਦੀਆਂ ਸੜਕਾਂ ਉਪਰ ਜਾਮ ਲੱਗ ਗਏ। ਆਈਪੀ ਫਲਾਈਓਵਰ ਅਤੇ ਚਾਂਦਗੀ ਰਾਮ ਅਖਾੜਾ ਦੇ ਵਿਚਕਾਰ ਮਹਾਤਮਾ ਗਾਂਧੀ ਮਾਰਗ, ਕਾਲੀਘਾਟ ਮੰਦਰ ਅਤੇ ਦਿੱਲੀ ਸਕੱਤਰੇਤ ਦੇ ਵਿਚਕਾਰ ਮਹਾਤਮਾ ਗਾਂਧੀ ਮਾਰਗ ਤੇ ਵਜ਼ੀਰਾਬਾਦ ਪੁਲ ਅਤੇ ਚਾਂਦਗੀ ਰਾਮ ਅਖਾੜਾ ਦੇ ਵਿਚਕਾਰ ਆਊਟਰ ਰਿੰਗ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਟਰੈਫਿਕ ਪੁਲੀਸ ਵੱਲੋਂ ਵਪਾਰਕ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਪੂਰਬੀ ਅਤੇ ਪੱਛਮੀ ਪੈਰੀਫਿਰਲ ਐਕਸਪ੍ਰੈੱਸ ਵੇਅ ਵੱਲ ਮੋੜ ਦਿੱਤਾ। ਕਮਰਸ਼ੀਅਲ ਵਾਹਨਾਂ ਨੂੰ ਵੀ ਮੁਕਰਬਾ ਚੌਕ ਤੋਂ ਮੋੜ ਦਿੱਤਾ। ਖੋਦਾ ਤੋਂ ਯੂਪੀ ਗੇਟ ਐਮਸੀਡੀ ਟੋਲ, ਜੀ.ਟੀ ਰੋਡ, ਸਰਾਏ ਕਾਲੇ ਖਾਂ ਤੇ ਆਈਪੀ ਫਲਾਈਓਵਰ, ਜੀਟੀਬੀ ਹਸਪਤਾਲ, ਦਿਲਸ਼ਾਦ ਗਾਰਡਨ, ਵਿਵੇਕ ਵਿਹਾਰ, ਆਨੰਦ ਵਿਹਾਰ, ਨੇੜੇ ਆਜ਼ਾਦਪੁਰ, ਮੌਜਪੁਰ-ਬਾਬਰਪੁਰ, ਸ਼ਾਹਦਰਾ ਤੋਂ ਜੀਟੀ ਰੋਡ ’ਤੇ ਆਈਐੱਸਬੀਟੀ, ਸੀਲਮਪੁਰ ਟੀ-ਪੁਆਇੰਟ, ਮਜਨੂੰ ਕਾ ਟਿੱਲਾ ਵੱਲ ਤੇ ਇਸ ਦੇ ਉਲਟ ਦੋਨਾਂ ਕੈਰੇਜਵੇਅ ਵਿੱਚ ਆਵਾਜਾਈ ਦੀ ਆਵਾਜਾਈ ਪ੍ਰਭਾਵਿਤ ਹੋਈ। ਹਾਲਤ ਇਹ ਸਨ ਕਿ ਯਮੁਨਾ ਦਾ ਪਾਣੀ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ 250 ਮੀਟਰ ਦੂਰ ਰਹਿ ਗਿਆ। ਵਿਕਾਸ ਮਾਰਗ ਤੋਂ ਲੈ ਕੇ ਆਈਟੀਓ, ਉੱਤਰੀ ਦਿੱਲੀ ਤੋਂ ਪੂਰਬੀ, ਦੱਖਣੀ ਦਿੱਲੀ ਤੱਕ ਯਮੁਨਾ ਦੇ ਪਾਣੀ ਦੀ ਮਾਰ ਹੋਈ ਅਤੇ ਸੜਕੀ ਮਾਰਗ ਬੰਦ ਹੋ ਕੇ ਰਹਿ ਗਏ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਜ਼ੀਰਾਬਾਦ, ਚੰਦਰਵਾਲ ਤੇ ਓਖਲਾ ਵਾਟਰ ਟ੍ਰੀਟਮੈਂਟ ਪਲਾਂਟ ਬੰਦ ਕਰਨੇ ਪਏ ਤੇ ਪਾਣੀ ਦੀ 25 ਫੀਸਦੀ ਦੀ ਕਮੀ ਆਈ ਹੈ। ਦਿੱਲੀ ਵਿੱਚ ਵੀਰਵਾਰ ਨੂੰ ਫਿਰ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੱਧ ਅਤੇ ਦੱਖਣੀ ਦਿੱਲੀ ਦੇ ਕੁਝ ਹਿੱਸਿਆਂ ਜਿਵੇਂ ਲਾਜਪਤ ਨਗਰ, ਸਾਕੇਤ, ਮਾਲਵੀਆ ਨਗਰ, ਹੌਜ਼ ਖਾਸ ਅਤੇ ਜੰਗਪੁਰਾ ਵਿੱਚ ਹਲਕੀ ਬਾਰਿਸ਼ ਹੋਈ। ਘੱਟੋ-ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ’ਤੇ ਰਿਹਾ ਜੋ ਸੀਜ਼ਨ ਦੀ ਔਸਤ ਤੋਂ ਇਕ ਡਿਗਰੀ ਘੱਟ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਸੀ। ਦਿੱਲੀ ਸ਼ਹਿਰ ਦੀ ਜੀਵਨ ਰੇਖਾ ਦਿੱਲੀ ਮੈਟਰੋ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਯਮੁਨਾ ਦਾ ਪਾਣੀ ਸੜਕਾਂ ’ਤੇ ਆ ਗਿਆ ਸੀ। ਡੀਐੱਮਆਰਸੀ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਮੈਟਰੋ ਰੇਲ ਗੱਡੀਆਂ ਸਾਵਧਾਨੀ ਦੇ ਤੌਰ ’ਤੇ 30 ਕਿਲੋਮੀਟਰ ਪ੍ਰਤੀ ਘੰਟਾ ਦੀ ਸੀਮਤ ਰਫਤਾਰ ਨਾਲ ਚਾਰ ਯਮੁਨਾ ਪੁਲਾਂ ਨੂੰ ਪਾਰ ਕਰ ਰਹੀਆਂ ਸਨ। ਬਲੂ ਲਾਈਨ ’ਤੇ ਯਮੁਨਾ ਬੈਂਕ ਮੈਟਰੋ ਸਟੇਸ਼ਨ ’ਤੇ ਯਾਤਰੀਆਂ ਦੀ ਐਂਟਰੀ ਅਤੇ ਨਿਕਾਸ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਗਈ ਸੀ।