ਕੌਮੀ ਰਾਜਧਾਨੀ ਦਿੱਲੀ ਵਿੱਚ ਠੰਢ ਨੇ ਹੱਡ ਕੰਬਾਏ

ਕੌਮੀ ਰਾਜਧਾਨੀ ਦਿੱਲੀ ਵਿੱਚ ਠੰਢ ਨੇ ਹੱਡ ਕੰਬਾਏ

ਨਵੀਂ ਦਿੱਲੀ- ਕੌਮੀ ਰਾਜਧਾਨੀ ਵਿੱਚ ਪੈ ਰਹੀ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਰਾਜਧਾਨੀ ਦੇ ਕੁਝ ਖੇਤਰਾਂ ਵਿੱਚ ਸ਼ਨਿਚਰਵਾਰ ਨੂੰ ਕੜਾਕੇ ਦੀ ਠੰਢ ਨੇ ਲੋਕਾਂ ਦੇ ਹੱਡ ਕੰਬਣ ਲਾ ਦਿੱਤੇ, ਭਾਵੇਂ ਇੱਕ ਦਿਨ ਪਹਿਲਾਂ ਦੇ ਮੁਕਾਬਲੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਫਰਕ ਦੇਖਿਆ ਗਿਆ। ਧੁੰਦ ਦੀ ਪਰਤ ਨੇ ਅਸਮਾਨ ਨੂੰ ਢੱਕਿਆ ਹੋਇਆ ਸੀ, ਜਿਸ ਨਾਲ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਦਿਨ ਦੇ ਸਮੇਂ ਠੰਢ ਦਾ ਪ੍ਰਭਾਵ ਵੱਧ ਪ੍ਰਤੀਤ ਹੋਇਆ। ਇੱਕ ਮੌਸਮ ਅਧਿਕਾਰੀ ਨੇ ਕਿਹਾ ਕਿ ਧੁੰਦ ਦੀ ਪਰਤ ਨੇ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਕੀਤਾ। ਭਾਰਤੀ ਮੌਸਮ ਵਿਭਾਗ ਨੇ ਸ਼ਨਿਚਰਵਾਰ ਲਈ ‘ਪੀਲਾ ਅਲਰਟ’ ਜਾਰੀ ਕੀਤਾ। ਇਸ ਸੰਭਾਵਿਤ ਮੱਧਮ ਤੋਂ ਸੰਘਣੀ ਧੁੰਦ ਦੇ ਕਾਰਨ ਐਤਵਾਰ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।

ਅੱਜ ਸਵੇਰ ਦਰਮਿਆਨੀ ਤੋਂ ਸੰਘਣੀ ਧੁੰਦ ਰਹੀ ਤੇ ਦੇਖਣ ਦੀ ਸਮਰੱਥਾ 50 ਤੋਂ 500 ਮੀਟਰ ਦੇ ਵਿਚਕਾਰ ਰਹੀ। ਉਥੇ ਹੀ ਸ਼ਨਿਚਰਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇਖਣ ਨੂੰ ਮਿਲਿਆ। ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 0 ਤੋਂ 500 ਦੇ ਪੈਮਾਨੇ ’ਤੇ ਇਕ ਦਿਨ ਪਹਿਲਾਂ 379 ਦੇ ਮੁਕਾਬਲੇ 315 ਦਰਜ ਕੀਤਾ ਗਿਆ। ਏਅਰ ਕੁਆਲਿਟੀ ਅਲੀ ਵਾਰਨਿੰਗ ਸਿਸਟਮ ਦੇ ਮੁਤਾਬਕ ਸ਼ਨਿਚਰਵਾਰ ਨੂੰ ਹਵਾ ਦੀ ਗੁਣਵੱਤਾ ਬਹੁਤ ਖਰਾਬ ਸੀ। ਅਗਲੇ ਛੇ ਦਿਨਾਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਤੋਂ ‘ਖ਼ਰਾਬ’ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟਿਓਰੋਲੋਜੀ ’ਤੇ ਹਵਾ ਦੀ ਗੁਣਵੱਤਾ ਦੀ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਨੇ ਕਿਹਾ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐੱਮਡੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੌਸਮ ਸਟੇਸ਼ਨ ਸਫਦਰਜੰਗ ਅਤੇ ਪਾਲਮ ਵਿੱਚ ਸਵੇਰੇ 5.30 ਵਜੇ ਦੇਖਣ ਦੀ ਸਮਰੱਥਾ 500 ਮੀਟਰ ਸੀ। ਸਵੇਰੇ 8.30 ਵਜੇ ਨਮੀ 100 ਫੀਸਦੀ ਰਹੀ। ਅਧਿਕਾਰੀਆਂ ਮੁਤਾਬਕ ਧੁੰਦ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਰਹੀਆਂ, ਜਿਸ ਕਾਰਨ ਦਿੱਲੀ ਜਾਣ ਵਾਲੀਆਂ 14 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 315 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਸ਼ਨਿਚਰਵਾਰ ਦੀ ਸਵੇਰ ਨੂੰ ਦਰਮਿਆਨੀ ਧੁੰਦ ਦੇਖੀ ਗਈ, ਜਦੋਂਕਿ ਘੱਟੋ-ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ ਰਿਹਾ ਜੋ ਕਿ ਮੌਸਮ ਦੀ ਔਸਤ ਤੋਂ ਦੋ ਡਿਗਰੀ ਵੱਧ ਹੈ।