ਕੌਮੀ ਝੰਡੇ ਵੇਚਣਾ ਆਜ਼ਾਦ ਭਾਰਤ ਦਾ ਅਪਮਾਨ: ਰਾਜਾ ਵੜਿੰਗ

ਕੌਮੀ ਝੰਡੇ ਵੇਚਣਾ ਆਜ਼ਾਦ ਭਾਰਤ ਦਾ ਅਪਮਾਨ: ਰਾਜਾ ਵੜਿੰਗ

ਭਾਜਪਾ ’ਤੇ ਲਾਏ ਦੋਹਰੀ ਸਿਆਸਤ ਕਰਨ ਦੇ ਦੋਸ਼
ਮਾਨਸਾ/ਗਿੱਦੜਬਾਹਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਥੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵੇਚਣ ਦੇ ਨਾਲ-ਨਾਲ ਹੁਣ ਕੌਮੀ ਝੰਡੇ ਨੂੰ ਵੀ ਵੇਚਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦਾ ਇਹ ਸਭ ਤੋਂ ਵੱਡਾ ਅਪਮਾਨ ਹੈ। ਉਹ ਅੱਜ ਇਥੇ ਕਾਂਗਰਸ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੋਂ ਬਾਰਾਂ ਹੱਟਾਂ ਚੌਕ ਤੱਕ ਸ਼ਹਿਰ ਦੇ ਮੁੱਖ ਬਜ਼ਾਰਾਂ ’ਚੋਂ ਕੱਢੀ ਗਈ ਤਿਰੰਗਾ ਯਾਤਰਾ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਵੜਿੰਗ ਨੇ ਕਿਹਾ ਕਿ ਕੌਮੀ ਝੰਡੇ ਸਬੰਧੀ ਭਾਜਪਾ ਦੋਹਰੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਘਰ ’ਤੇ ਕੌਮੀ ਝੰਡਾ ਲਗਾਉਣ ਦਾ ਸੰਦੇਸ਼ ਦੇ ਰਹੀ ਹੈ, ਪਰ ਉਸ ਦੀ ਭਾਈਵਾਲ ਆਰਐੱਸਐੱਸ ਦੇ ਦਫ਼ਤਰ ਵਿੱਚ ਹਾਲੇ ਤੱਕ ਤਿਰੰਗਾ ਲਾਉਣਾ ਜ਼ਰੂਰੀ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 75 ਸਾਲਾਂ ਤੋਂ ਕੌਮੀ ਝੰਡੇ ਦਾ ਸਨਮਾਨ ਕਰਦੀ ਆ ਰਹੀ ਹੈ ਤੇ ਹੁਣ ਵੀ ਮੁਲਕ ਦੇ ਸਾਰੇ ਸੂਬਿਆਂ ਵਿੱਚ ਇਹ ਝੰਡਾ ਲਹਿਰਾ ਕੇ ਲੋਕਾਂ ਨੂੰ ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ‘ਆਪ’ ਸਰਕਾਰ ਬਾਰੇ ਗੱਲ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਪਾਰਟੀ ਇੱਕ ਵਰੋਲੇ ਵਾਂਗ ਹੀ ਆਈ ਸੀ ਤੇ ਹੁਣ ਇੱਕ ਵਰੋਲੇ ਵਾਂਗ ਹੀ ਲੋਕਾਂ ਦੇ ਮਨਾਂ ਤੋਂ ਲਹਿ ਗਈ ਹੈ। ਦੂਜੇ ਪਾਸੇ ਅਕਾਲੀਆਂ ਦਾ ਹਾਲ ਹਰਿਆਣੇ ਦੇ ਚੌਟਾਲਿਆਂ ਨਾਲੋਂ ਵੀ ਭੈੜਾ ਹੋ ਗਿਆ ਹੈ।

ਇਸੇ ਤਰ੍ਹਾਂ ਇਥੇ ਗਿੱਦੜਬਾਹਾ ਵਿੱਚ ਪਿੰਡ ਛੱਤੇਆਣਾ ਤੋਂ ਸ਼ੁਰੂ ਹੋ ਕਰੀਬ 15 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਮਗਰੋਂ ਇੱਥੇ ਪਹੁੰਚੀ ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਅਸੀਂ ਦੇਸ਼ ਅਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ ਅਤੇ ਅਸੀਂ ਭਾਗਾਂ ਵਾਲੇ ਹਾਂ ਜੋ ਇਨ੍ਹਾਂ ਜਸ਼ਨਾਂ ਦਾ ਹਿੱਸਾ ਬਣ ਰਹੇ ਹਾਂ।