ਕੌਮੀ ਖੇਡ ਦਿਵਸ: ਠਾਕੁਰ ਵੱਲੋਂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ

ਕੌਮੀ ਖੇਡ ਦਿਵਸ: ਠਾਕੁਰ ਵੱਲੋਂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ

ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕੌਮੀ ਖੇਡ ਦਿਵਸ ਮੌਕੇ ਹਾਲ ਹੀ ’ਚ ਆਲਮੀ ਪੱਧਰ ’ਤੇ ਕੀਤੇ ਪ੍ਰਦਰਸ਼ਨ ਲਈ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਕੀਤੀ ਹੈ। ਪ੍ਰਸਿੱਧ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਨਮ ਵਰ੍ਹੇਗੰਢ ਮੌਕੇ ਹਰ ਸਾਲ 29 ਅਗਸਤ ਨੂੰ ਕੌਮੀ ਖੇਡ ਦਿਵਸ ਮਨਾਇਆ ਜਾਂਦਾ। ਉਹ ਓਲੰਪਿਕਸ ’ਚ ਤਿੰਨ ਵਾਰ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ੲਿਸ ਮੌਕੇ ਕੰਮਕਾਜ ਨੂੰ ਸੁਖਾਲਾ ਬਣਾਉਣ ਅਤੇ ਬੇਹਤਰ ਸੰਚਾਲਨ ਲਈ ਨੈਸ਼ਨਲ ਸਪੋਰਟਸ ਫੈਡਰੇਸ਼ਨਸ (ਐੱਨਐੱਸਐੱਫ) ਪੋਰਟਲ ਵੀ ਸ਼ੁਰੂ ਕੀਤਾ ਗਿਆ। ਇਹ ਇੱੱਕ ਏਕੀਕਰਨ ਆਨਲਾਈਨ ਪੋਰਟਲ ਹੈ ਜਿਹੜਾ ਕੌਮੀ ਖੇਡ ਫੈਡਰੇਸ਼ਨਾਂ ਵਿੱਚ ਸਾਲਾਨਾ ਨਵੀਨੀਕਰਨ ਅਤੇ ਚੋਣ ਪ੍ਰਕਿਰਿਆ ਲਈ ਇੱਕ ਸਥਾਨ (ਸਿੰਗਲ ਵਿੰਡੋ) ਹੋਵੇਗਾ।

ਕੌਮੀ ਖੇਡ ਦਿਵਸ ਮੌਕੇ ਜਵਾਹਰਲਾਲ ਨਹਿਰੂ ਸਟੇਡੀਅਮ ’ਚ ਸਮਾਗਮ ਮੌਕੇ ਕਈ ਖਿਡਾਰੀ ਹਾਜ਼ਰ ਸਨ। ਠਾਕੁਰ ਨੇ ਕਿਹਾ, ‘‘ਭਾਰਤੀ ਖੇਡਾਂ ਲਈ ਇਹ ਬਹੁਤ ਅਹਿਮ ਗੇੜ ਹੈ। ਪਿਛਲੇ 60 ਸਾਲਾਂ ’ਚ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਸਿਰਫ 18 ਤਗ਼ਮੇ ਮਿਲੇ। ਇਸ ਸਾਲ (ਚੀਨ ਦੇ ਚੇਂਗਦੂ) ਵਿੱਚ ਹੀ ਅਸੀਂ 26 ਤਗ਼ਮੇ ਜਿੱਤੇ।’’ ਉਨ੍ਹਾਂਂ ਕਿਹਾ, ‘‘ਇੰਨਾ ਹੀ ਨਹੀਂ, ਸਾਰੀਆਂ ਖੇਡਾਂ, ਭਾਵੇਂ ਉਸ ਸ਼ਤਰੰਜ ’ਚ ਆਰ. ਪ੍ਰਗਨਾਨੰਦਾ ਹੋਵੇ ਤੋਂ ਲੈ ਕੇ ਕੁਸ਼ਤੀ ’ਚ ਅੰਤਿਮ ਪੰਘਾਲ ਅਤੇ ਤੀਰਅੰਦਾਜ਼ੀ ’ਚ ਅਦਿਤੀ ਗੋਪੀਚੰਦ ਸਵਾਮੀ ਹੋਵੇ, ਸਾਨੂੰ ਬਹੁਤ ਵਧੀਆ ਨਤੀਜੇ ਮਿਲ ਰਹੇ ਹਨ।’’ ਸਮਾਗਮ ਮੌਕੇ ਸਟੇਡੀਅਮ ’ਚ ਮਹਿਲਾ ਮੁੱਕੇਬਾਜ਼ ਐੱਮ.ਸੀ. ਮੇਰੀਕੋਮ, ਸਾਬਕਾ ਅਥਲੀਟ ਅੰਜੂ ਬੌਬੀ ਜੌਰਜ ਅਤੇ ਹਾਲੀਆ ਵਿਸ਼ਵ ਚੈਂਪੀਅਨਸ਼ਿਪ ’ਚ ਪੰਜਵੇਂ ਸਥਾਨ ’ਤੇ ਭਾਰਤੀ ਪੁਰਸ਼ 4×400 ਰਿਲੇਅ ਟੀਮ ਦੇ ਮੈਂਬਰ ਹਾਜ਼ਰ ਸਨ।