ਕੌਂਸਲਰਾਂ ਵੱਲੋਂ ਅਫ਼ਸਰਾਂ ਦਾ ਘਿਰਾਓ

ਕੌਂਸਲਰਾਂ ਵੱਲੋਂ ਅਫ਼ਸਰਾਂ ਦਾ ਘਿਰਾਓ

ਬਠਿੰਡਾ- ਇੱਥੇ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਅੱਜ ਹੰਗਾਮਾ ਭਰਪੂਰ ਰਹੀ। ਮੀਟਿੰਗ ਦੀ ਸ਼ੁਰੂ ਹੁੰਦੇ ਸਾਰ ਹੀ ਲੋਕ ਮੁੱਦਿਆਂ ਨੂੰ ਤਰਜੀਹ ਨਾ ਮਿਲਣ ’ਤੇ ਕੌਂਸਲਰਾਂ ਨੇ ਕਾਫ਼ੀ ਹੰਗਾਮਾ ਕੀਤਾ। ਮੀਟਿੰਗ ਵਿੱਚ ਨਗਰ ਨਿਗਮ ਦੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਸਮੇਤ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਕੁਮਾਰ ਹਾਜ਼ਰ ਸਨ।
ਅੱਜ ਪਹਿਲੀ ਵਾਰ ਮੀਟਿੰਗ ਦੌਰਾਨ ਮੇਅਰ ਰਮਨ ਗੋਇਲ ’ਤੇ ਕਿਸੇ ਕੌਂਸਲਰ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ, ਬਲਕਿ ਨਿਗਮ ਦੀ ਅਫ਼ਸਰਸ਼ਾਹੀ ਨੂੰ ਖਰੀਆਂ-ਖਰੀਆਂ ਸੁਣਨ ਲਈ ਮਜਬੂਰ ਹੋਣਾ ਪਿਆ।
ਜਾਣਕਾਰੀ ਅਨੁਸਾਰ ਅੱਜ ਪਿਛਲੀ ਮੀਟਿੰਗ ਦੌਰਾਨ ਪੇਸ਼ ਕੀਤੇ 36 ਮਤਿਆਂ ਨੂੰ ਮਨਜ਼ੂਰੀ ਲਈ ਸ਼ਾਮਲ ਕੀਤਾ ਗਿਆ, ਪਰ ਇਨ੍ਹਾਂ ਮਤਿਆਂ ਦੀ ਪ੍ਰੋਸੀਡਿੰਗ ਵਾਲੀ ਕਾਪੀ ਨਾ ਮਿਲਣ ਕਾਰਨ ਮੀਟਿੰਗ ਮੁਲਤਵੀ ਹੋ ਗਈ ਅਤੇ ਹੁਣ 7 ਜੁਲਾਈ ਨੂੰ ਹੋਣ ਵਾਲੀ ਮੀਟਿੰਗ ’ਚ ਇਨ੍ਹਾਂ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅੱਜ ਦੀ ਮੀਟਿੰਗ ’ਚ ਸ਼ਹਿਰ ਦੇ ਨਵੇਂ ਵਿਕਾਸ ਪ੍ਰਾਜੈਕਟ ਲਈ ਕੋਈ ਅਹਿਮ ਮਤਾ ਪੇਸ਼ ਨਹੀਂ ਕੀਤਾ ਗਿਆ। ਇਸ ਦੌਰਾਨ ਸਮੁੱਚੇ ਕੌਂਸਲਰਾਂ ਨੇ ਸ਼ਹਿਰ ਦੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਵਿਗੜ ਰਹੀ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤੀ। ਕੌਂਸਲਰ ਸੰਦੀਪ ਬੌਬੀ ਨੇ ਨਗਰ ਨਿਗਮ ਦੀ ਮੰਡੀ ਖ਼ੁਰਦ ਦੀ 36 ਏਕੜ ਜ਼ਮੀਨ ’ਤੇ ਕਿਸੇ ਵੱਲੋਂ ਫ਼ਸਲ ਬੀਜਣ ਅਤੇ ਠੇਕਾ ਨਾ ਦੇਣ ਦਾ ਮੁੱਦਾ ਚੁੱਕਿਆ। ਇਸ ਮਾਮਲੇ ਨੂੰ ਲੈ ਕੇ ਕੌਂਸਲਰਾਂ ਨੇ ਨਿਗਮ ਦੇ ਕਮਿਸ਼ਨਰ ਰਾਹੁਲ ਕੁਮਾਰ ਅਤੇ ਅਫ਼ਸਰ ਤੋਂ ਜਵਾਬ ਮੰਗਿਆ ਪਰ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਕਾਂਗਰਸ ਦੇ ਕੌਂਸਲਰ ਮਲਕੀਤ ਸਿੰਘ ਨੇ ਬਠਿੰਡਾ ਕਾਰਪੋਰੇਸ਼ਨ ਦਾ ਇੱਕ ਟਰੈਕਟਰ ਅਤੇ ਮੋਟਰਸਾਈਕਲ ਗ਼ਾਇਬ ਹੋਣ ਦਾ ਮੁੱਦਾ ਚੁੱਕਿਆ ਪਰ ਇਸ ਮਾਮਲੇ ’ਤੇ ਬਾਰੇ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ। ਕੌਂਸਲਰਾਂ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਆਵਾਜ਼ ਬੁਲੰਦ ਕੀਤੀ ਗਈ ਹੈ ਕਿ ਪਰ ਇਸ ਬਾਰੇ ਕੋਈ ਜਾਂਚ ਨਹੀਂ ਕੀਤੀ ਗਈ। ਕੌਂਸਲਰ ਸੁਖਰਾਜ ਔਲਖ ਨੇ ਬੀੜ ਰੋਡ, ਬਹਿਮਣ ਰੋਡ ਤੇ ਸੁਰਖ਼ ਪੀਰ ਰੋਡ ਨੂੰ ਸੀਵਰੇਜ ਨਾਲ ਜੋੜਨ ਦੀ ਮੰਗ ਰੱਖੀ ਤੇ ਉੱਥੇ ਨਾਜਾਇਜ਼ ਕਲੋਨੀਆਂ ਕੱਟਣ ਦਾ ਮੁੱਦਾ ਚੁੱਕਿਆ। ਸ਼ਹਿਰ ਵਿਚ ਹੋ ਰਹੇ ਨਾਜਾਇਜ਼ ਕਬਜ਼ਿਆਂ ਦਾ ਮੁੱਦਿਆਂ ਉਭਰਨ ’ਤੇ ਕਮਿਸ਼ਨਰ ਨੇ ਕਿਹਾ ਕਿ ਜਦੋਂ ਨਿਗਮ ਕੋਈ ਕਾਰਵਾਈ ਕਰਦਾ ਹੈ ਤਾਂ ਚੁਣੇ ਹੋਏ ਨੁਮਾਇੰਦੇ ਹੀ ਇਸ ਨੂੰ ਰੋਕਣ ਲੱਗਦੇ ਹਨ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਕਾਰਵਾਈ ਰੋਕਣੀ ਪੈਂਦੀ ਹੈ।
ਇਸ ਦੇ ਜਵਾਬ ਵਿੱਚ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਰੋਕਣ ਦਾ ਕੰਮ ਨਿਗਮ ਦਾ ਹੈ। ਇਸ ਮਾਮਲੇ ਵਿਚ ਕੌਂਸਲਰਾਂ ਨੂੰ ਘੜੀਸਿਆ ਜਾਵੇ। ਕੌਂਸਲਰ ਰਾਜੂ ਸਰਾਂ ਨੇ ਆਪਣੇ ਇਲਾਕੇ ਵਿਚ ਕੰਮ ਨਾ ਹੋਣ ਦਾ ਰੋਣਾ ਰੋਇਆ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ ਉਠਾਇਆ ਗਿਆ।