ਕੋਟਕਪੂਰਾ ਗੋਲੀ ਕਾਂਡ: ਸੁਖਬੀਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੇ ਹੁਕਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 30 ਅਗਸਤ ਲਈ ਪੱਤਰ ਜਾਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 30 ਅਗਸਤ ਲਈ ਪੱਤਰ ਜਾਰੀ

ਫਰੀਦਕੋਟ- ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਆਦੇਸ਼ ਦਿੱਤੇ ਹਨ ਕਿ ਉਹ ਕੇਸ ’ਚ ਪੁੱਛ ਪੜਤਾਲ ਲਈ 30 ਅਗਸਤ ਨੂੰ ਸਵੇਰੇ 10.30 ਵਜੇ ਪੰਜਾਬ ਪੁਲੀਸ ਭਵਨ ਸੈਕਟਰ-32 ਵਿੱਚ ਹਾਜ਼ਰ ਹੋਣ।

ਵਿਸ਼ੇਸ਼ ਜਾਂਚ ਟੀਮ ਨੇ ਆਪਣੇ ਪੱਤਰ ’ਚ ਕਿਹਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਦਰਜ ਹੋਏ ਮੁਕੱਦਮਾ ਨੰ. 129, ਜਿਸ ਵਿੱਚ ਸ਼ਾਂਤਮਈ ਧਰਨੇ ਉੱਪਰ ਬੈਠੀਆਂ ਸੰਗਤਾਂ ’ਤੇ ਗੋਲੀ ਚਲਾਉਣ ਤੇ ਲਾਠੀਚਾਰਜ ਕਰਨ ਦੇ ਦੋਸ਼ ਹਨ, ਦੀ ਪੜਤਾਲ ਹੋਣੀ ਹੈ। ਇਸੇ ਪੁਲੀਸ ਵੱਲੋਂ ਧਰਨਾਕਾਰੀਆਂ ਉੱਪਰ ਦਰਜ ਕਰਵਾਏ ਗਏ ਮੁਕੱਦਮਾ ਨੰ. 192 ਵਿੱਚ ਵੀ ਪੁੱਛ-ਪੜਤਾਲ ਹੋਵੇਗੀ। ਇਸ ਤੋਂ ਪਹਿਲਾਂ ਵੀ ਵਿਸ਼ੇਸ਼ ਜਾਂਚ ਟੀਮ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਪੁੱਛ ਪੜਤਾਲ ਲਈ ਦੋ ਵਾਰ ਬੁਲਾ ਚੁੱਕੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ, ਜਿਸ ਦੀ ਅਗਵਾਈ ਏਡੀਜੀਪੀ ਐੱਲਕੇ ਯਾਦਵ ਕਰ ਰਹੇ ਹਨ, ਨੇ ਪਿਛਲੇ ਹਫ਼ਤੇ ਫ਼ਰੀਦਕੋਟ ਅਦਾਲਤ ਵਿੱਚ ਜਾਂਚ ਪ੍ਰਕਿਰਿਆ ਬਾਰੇ ਸਟੇਟਸ ਰਿਪੋਰਟ ਪੇਸ਼ ਕਰਦਿਆਂ ਕਿਹਾ ਸੀ ਕਿ ਜਾਂਚ ਟੀਮ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਵਿੱਚ ਅਜੇ ਕਈ ਅਹਿਮ ਪਹਿਲੂਆਂ ਉੱਪਰ ਕੰਮ ਕਰ ਰਹੀ ਹੈ। ਇਸ ਲਈ ਇਸ ਕੇਸ ਵਿੱਚ ਅਜੇ ਚਲਾਨ ਪੇਸ਼ ਕਰਨ ਲਈ ਕੁਝ ਸਮਾਂ ਲੱਗ ਸਕਦਾ ਹੈ। ਸੁਖਬੀਰ ਬਾਦਲ ਨੂੰ ਤੀਜੀ ਵਾਰ ਜਾਂਚ ਲਈ ਬੁਲਾਉਣ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਸੁਖਬੀਰ ਬਾਦਲ ਨੂੰ ਨਹੀਂ ਮਿਲਿਆ ਪੱਤਰ

ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਨੂੰ ਅਜੇ ਤੱਕ ਵਿਸ਼ੇਸ਼ ਜਾਂਚ ਟੀਮ ਦਾ ਪੱਤਰ ਨਹੀਂ ਮਿਲਿਆ। ਪ੍ਰਾਪਤ ਸੂਚਨਾ ਅਨੁਸਾਰ ਜਾਂਚ ਟੀਮ 18 ਅਗਸਤ ਤੋਂ ਇਹ ਪੱਤਰ ਲੈ ਕੇ ਸੁਖਬੀਰ ਬਾਦਲ ਦੀ ਭਾਲ ਕਰ ਰਹੀ ਹੈ ਪਰ ਉਹ ਦੁਬਈ ਗਏ ਹੋਣ ਕਰਕੇ ਜਾਂਚ ਟੀਮ ਉਨ੍ਹਾਂ ਨੂੰ ਪੱਤਰ ਰਿਸੀਵ ਨਹੀਂ ਕਰਵਾ ਸਕੀ।