ਕੋਟਕਪੂਰਾ ਗੋਲੀਬਾਰੀ ਕੇਸ ਵਿੱਚ ਸੁਖਬੀਰ ਬਾਦਲ ਤੋਂ ਪੁੱਛ-ਪੜਤਾਲ

ਕੋਟਕਪੂਰਾ ਗੋਲੀਬਾਰੀ ਕੇਸ ਵਿੱਚ ਸੁਖਬੀਰ ਬਾਦਲ ਤੋਂ ਪੁੱਛ-ਪੜਤਾਲ

ਵਿਸ਼ੇਸ਼ ਜਾਂਚ ਟੀਮ ਨੇ ਤਿੰਨ ਘੰਟਿਆਂ ਤੱਕ ਅਕਾਲੀ ਦਲ ਦੇ ਪ੍ਰਧਾਨ ਨਾਲ ਕੀਤੇ ਸਵਾਲ-ਜਵਾਬ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅੱਜ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਕਰੀਬ ਤਿੰਨ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਵਧੀਕ ਡੀਜੀਪੀ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਟੀਮ ਨੇ ਬਾਦਲ ਨੂੰ ਅੱਜ ਪੁੱਛ-ਪੜਤਾਲ ਲਈ ਸੱਦਿਆ ਸੀ। 2015 ਵਿਚ ਫਰੀਦਕੋਟ ਜ਼ਿਲ੍ਹੇ ਵਿਚ ਵਾਪਰੀਆਂ ਬੇਅਦਬੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਮੌਕੇ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ। ਅਕਾਲੀ ਦਲ ਦੇ ਪ੍ਰਧਾਨ ਅੱਜ ਸਵੇਰੇ ਕਰੀਬ 11.40 ’ਤੇ ਚੰਡੀਗੜ੍ਹ ਸਥਿਤ ਪੰਜਾਬ ਪੁਲੀਸ ਆਫੀਸਰਜ਼ ਇੰਸਟੀਚਿਊਟ ਪਹੁੰਚੇ। ਬਾਦਲ ਨੇ ਪੁੱਛ-ਪੜਤਾਲ ਤੋਂ ਬਾਅਦ ਮੀਡੀਆ ਨਾਲ ਗੱਲ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ‘ਸਿਟ’ ਨੇ 14 ਸਤੰਬਰ ਨੂੰ ਵੀ ਬਾਦਲ ਤੋਂ ਪੁੱਛ-ਪੜਤਾਲ ਕੀਤੀ ਸੀ। ਇਸ ਤੋਂ ਇਲਾਵਾ 2021 ਵਿਚ ਵੀ ਉਨ੍ਹਾਂ ਨੂੰ ਸੱਦਿਆ ਗਿਆ ਸੀ। ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ 12 ਅਕਤੂਬਰ ਨੂੰ ਸਵਾਲ ਪੁੱਛੇ ਸਨ। ਛੇ ਸਤੰਬਰ ਨੂੰ ਆਈਜੀਪੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਇਕ ਹੋਰ ਵਿਸ਼ੇਸ਼ ਜਾਂਚ ਟੀਮ ਨੇ ਅਕਾਲੀ ਦਲ ਦੇ ਪ੍ਰਧਾਨ ਤੋਂ 2015 ਦੇ ਬਹਿਬਲ ਕਲਾਂ ਪੁਲੀਸ ਗੋਲੀਬਾਰੀ ਕੇਸ ਬਾਰੇ ਸਵਾਲ ਪੁੱਛੇ ਸਨ। ਜ਼ਿਕਰਯੋਗ ਹੈ ਕਿ ਯਾਦਵ ਦੀ ਅਗਵਾਈ ਵਾਲੀ ‘ਸਿਟ’ ਕੋਟਕਪੂਰਾ ਗੋਲੀ ਕਾਂਡ ਤੇ ਨੌਨਿਹਾਲ ਦੀ ਅਗਵਾਈ ਵਾਲੀ ‘ਸਿਟ’ ਬਹਿਬਲ ਕਲਾਂ ਕੇਸ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਦੋਸ਼ ਲਾਇਆ ਸੀ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਆਪਣੀਆਂ ‘ਨਾਕਾਮੀਆਂ’ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੇਸ ਦਾ ਸਿਆਸੀਕਰਨ ਕਰ ਰਹੀ ਹੈ।