ਕੋਈ ਵੀ ਸਨਅਤਕਾਰ ਕਾਂਗਰਸ ਰਾਜ ਵਾਲੇ ਸੂਬਿਆਂ ਵਿੱਚ ਨਿਵੇਸ਼ ਨਹੀਂ ਕਰੇਗਾ: ਮੋਦੀ

ਕੋਈ ਵੀ ਸਨਅਤਕਾਰ ਕਾਂਗਰਸ ਰਾਜ ਵਾਲੇ ਸੂਬਿਆਂ ਵਿੱਚ ਨਿਵੇਸ਼ ਨਹੀਂ ਕਰੇਗਾ: ਮੋਦੀ

ਜਮਸ਼ੇਦਪੁਰ/ਪੁਰੂਲੀਆ/ਬਿਸ਼ਨੂਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਰਾਹੁਲ ਗਾਂਧੀ ਮਾਓਵਾਦੀ ਪੱਖੀ ਬੋਲੀ ਬੋਲ ਰਹੇ ਹਨ ਜਿਸ ਕਾਰਨ ਕੋਈ ਵੀ ਸਨਅਤਕਾਰ ਕਾਂਗਰਸੀ ਸੂਬਿਆਂ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਪੰਜਾਹ ਵਾਰ ਸੋਚੇਗਾ। ਸ੍ਰੀ ਮੋਦੀ ਨੇ ਜਮਸ਼ੇਦਪੁਰ ਵਿੱਚ ਚੋਣ ਰੈਲੀ ਵਿਚ ਕਾਂਗਰਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸੋਨੀਆ ਗਾਂਧੀ ਕਰੋਨਾ ਮਹਾਮਾਰੀ ਤੋਂ ਬਾਅਦ ਆਪਣੇ ਰਾਏ ਬਰੇਲੀ ਲੋਕ ਸਭਾ ਹਲਕੇ ਵਿਚ ਇਕ ਵਾਰ ਵੀ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਾਰਟੀ ਵੰਸ਼ਵਾਦ ਦੀ ਪੁਸ਼ਤਪਨਾਹੀ ਕਰ ਰਹੀ ਹੈ ਤੇ ਇਸ ਲੋਕ ਸਭਾ ਸੀਟ ਨੂੰ ਆਪਣੀ ਜੱਦੀ ਜਾਇਦਾਦ ਸਮਝ ਰਹੀ ਹੈ। ਉਨ੍ਹਾਂ ਕਿਹਾ, ‘ਕਾਂਗਰਸ ਦੇ ਸ਼ਹਿਜ਼ਾਦੇ ਵਲੋਂ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਰਹੀ ਹੈ ਉਸ ਨਾਲ ਕੋਈ ਵੀ ਸਨਅਤਕਾਰ ਕਾਂਗਰਸੀ ਰਾਜ ਵਾਲੇ ਸੂਬਿਆਂ ਵਿਚ ਨਿਵੇਸ਼ ਨਹੀ ਂ ਕਰੇਗਾ। ਮਾਓਵਾਦੀਆਂ ਵਾਂਗ ਰਾਹੁਲ ਵਲੋਂ ਵਰਤੀ ਗਈ ਭਾਸ਼ਾ ਉਦਯੋਗਪਤੀਆਂ ਤੋਂ ਪੈਸਾ ਵਸੂਲਣ ਲਈ ਵਰਤੀ ਗਈ ਸੀ।’ ਪ੍ਰਧਾਨ ਮੰਤਰੀ ਦੇ ਦੋਸ਼ ਕਾਂਗਰਸ ਆਗੂ ਦੀਆਂ ਹਾਲੀਆ ਟਿੱਪਣੀਆਂ ਦੇ ਸੰਦਰਭ ਵਿੱਚ ਆਏ ਹਨ ਜਿਸ ਵਿੱਚ ਮੋਦੀ ਦੇ ਇੱਕ ਭਾਸ਼ਣ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਪਾਰਟੀ ਨੂੰ ਸਿਖਰਲੇ ਉਦਯੋਗਪਤੀਆਂ ਤੋਂ ਪੈਸਾ ਮਿਲਦਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ’ਚ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਅੰਬਾਨੀ-ਅਡਾਨੀ ਮਾਮਲੇ ’ਤੇ ਜਦੋਂ ਵੀ ਤੇ ਜਿੱਥੇ ਚਾਹੁਣ ਬਹਿਸ ਕਰਨ ਲਈ ਤਿਆਰ ਹਾਂ ਪਰ ਮੈਨੂੰ ਯਕੀਨ ਹੈ ਕਿ ਉਹ ਨਹੀਂ ਆਉਣਗੇ।’’ ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਰਾਮਕ੍ਰਿਸ਼ਨ ਮਿਸ਼ਨ ਅਤੇ ਭਾਰਤ ਸੇਵਾਸ਼ਰਮ ਸੰਘ ਵਿਰੁੱਧ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਟੀਐਮਸੀ ਦੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਇਨ੍ਹਾਂ ਸਮਾਜਿਕ-ਧਾਰਮਿਕ ਸੰਗਠਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਰੂਲੀਆ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਟੀਐਮਸੀ ਨੇ ਇੰਨਾ ਹੇਠਾਂ ਡਿੱਗ ਕੇ ਸ਼ਿਸ਼ਟਾਚਾਰ ਦੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਹੈ ਕਿ ਉਹ ਇਸਕਾਨ, ਰਾਮਕ੍ਰਿਸ਼ਨ ਮਿਸ਼ਨ ਅਤੇ ਭਾਰਤ ਸੇਵਾਸ਼ਰਮ ਸੰਘ ਖਿਲਾਫ ਬਿਆਨਬਾਜ਼ੀ ਕਰ ਰਹੀ ਹੈ। ਚੋਣਾਂ ਦੌਰਾਨ ਬੰਗਾਲ ਦੇ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ ਵਾਲੀ ਟੀਐਮਸੀ ਨੇ ਇਸ ਵਾਰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅੱਜ ਦੇਸ਼ ਅਤੇ ਦੁਨੀਆ ਵਿੱਚ ਇਸਕਾਨ, ਰਾਮਕ੍ਰਿਸ਼ਨ ਮਿਸ਼ਨ ਅਤੇ ਭਾਰਤ ਸੇਵਾਸ਼ਰਮ ਸੰਘ ਸੇਵਾ ਅਤੇ ਨੈਤਿਕਤਾ ਲਈ ਜਾਣੇ ਜਾਂਦੇ ਹਨ ਪਰ ਬੰਗਾਲ ਦੇ ਮੰਤਰੀ ਖੁੱਲ੍ਹੇ ਮੰਚ ਤੋਂ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ… ਉਹ ਸਿਰਫ਼ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਮੋਦੀ ਨੇ ਬਿਸ਼ਨੂਪੁਰ ਵਿੱਚ ਵੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਉੜੀਸਾ ਪਹੁੰਚ ਗਏ ਹਨ। ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮਗਰੋਂ ਪੁਰੂਲੀਆ ਦੇ ਐੱਸ.ਪੀ. ਨੂੰ ਚੋਣ ਡਿਊਟੀ ਤੋਂ ਹਟਾ ਦਿੱਤਾ ਹੈ।