ਕੋਈ ਗਲਤ ਕੰਮ ਕਰੇ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇ: ਮਮਤਾ ਬੈਨਰਜੀ

ਕੋਈ ਗਲਤ ਕੰਮ ਕਰੇ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਪ੍ਰਗਟਾਇਆ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਜੇਕਰ ਕੋਈ ਵੀ ਗਲਤ ਕੰਮ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਘੁਟਾਲੇ ’ਚ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਪਾਰਥ ਚੈਟਰਜੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਇਹ ਬਿਆਨ ਦਿੱਤਾ ਹੈ। ਮਮਤਾ ਬੈਨਰਜੀ ਨੇ ਇੱਥੇ ਸੂਬਾ ਸਰਕਾਰ ਦੇ ਇੱਕ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਖ਼ਿਲਾਫ਼ ਮੰਦੀ ਭਾਵਨਾ ਤਹਿਤ ਚਲਾਈ ਗਈ ਮੁਹਿੰਮ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੀ। ਉਨ੍ਹਾਂ ਕਿਹਾ, ‘ਸਾਨੂੰ ਨਿਆਂ ਪਾਲਿਕਾ ’ਤੇ ਪੂਰਾ ਭਰੋਸਾ ਹੈ। ਇੱਕ ਸਮਾਂ-ਸੀਮਾ ਹੋਣੀ ਚਾਹੀਦੀ ਹੈ ਜਿਸ ਅੰਦਰ ਸੱਚ ਤੇ ਅਦਾਲਤ ਦਾ ਫ਼ੈਸਲਾ ਸਾਹਮਣੇ ਆਉਣਾ ਚਾਹੀਦਾ ਹੈ। ਜੇਕਰ ਕੋਈ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪਾਰਟੀ ਵੀ ਕਾਰਵਾਈ ਕਰੇਗੀ।’ ਮਮਤਾ ਬੈਨਰਜੀ ਦੀ ਅਰਪਿਤਾ ਮੁਖਰਜੀ ਨਾਲ ਗੱਲਬਾਤ ਕਰਦਿਆਂ ਦੀ ਭਾਜਪਾ ਵੱਲੋਂ ਨਸ਼ਰ ਕੀਤੀ ਗਈ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਟੀਐੱਮਸੀ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ, ‘ਪਾਰਟੀ ਦਾ ਉਸ ਮਹਿਲਾ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ ਅਤੇ ਨਾ ਹੀ ਮੈਂ ਉਸ ਨੂੰ ਜਾਣਦੀ ਹਾਂ। ਮੈਂ ਕਈ ਸਮਾਗਮਾਂ ’ਚ ਜਾਂਦੀ ਹਾਂ ਜੇਕਰ ਕੋਈ ਮੇਰੇ ਨਾਲ ਤਸਵੀਰ ਖਿਚਵਾਉਂਦਾ ਹੈ ਤਾਂ ਕੀ ਇਹ ਮੇਰੀ ਗਲਤੀ ਹੈ?’ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਇਹ ਲੱਗਦਾ ਹੈ ਕਿ ਉਹ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਟੀਐੱਮਸੀ ਨੂੰ ਤੋੜ ਸਕਦੀ ਹੈ ਤਾਂ ਉਹ ਗਲਤ ਹੈ।