ਕੈਲੀਫੋਰਨੀਆ ਅਟਾਰਨੀ ਜਨਰਲ ਪੱਧ ਦੇ ਉਮੀਦਵਾਰ ਨੈਥਨ ਹਾਕਮੈਨ ਦਾ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਅਤੇ ਸਿੱਖ ਭਾਈਚਾਰੇ ਵੱਲੋਂ ਨਿੱਘਾ ਸੁਆਗਤ

ਕੈਲੀਫੋਰਨੀਆ ਅਟਾਰਨੀ ਜਨਰਲ ਪੱਧ ਦੇ ਉਮੀਦਵਾਰ ਨੈਥਨ ਹਾਕਮੈਨ ਦਾ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਅਤੇ ਸਿੱਖ ਭਾਈਚਾਰੇ ਵੱਲੋਂ ਨਿੱਘਾ ਸੁਆਗਤ

ਸਟਾਕਟਨ/ ਕੈਲੀਫੋਰਨੀਆ: ਬੀਤੇ ਐਤਵਾਰ ਅਕਤੂਬਰ 16, 2022 ਨੂੰ ਕੈਲੀਫੋਰਨੀਆ ਅਟਾਰਨੀ ਜਨਰਲ ਪੱਧ ਦੇ ਉਮੀਦਵਾਰ ਨੈਥਨ ਹਾਕਮੈਨ ਦਾ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਅਤੇ ਸਿੱਖ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।
ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਨੈਥਨ ਹਾਕਮੈਨ ਨੇ ਸਭ ਤੋਂ ਪਹਿਲਾਂ ਆਪਣੇ ਬਾਰੇ ਅਤੇ ਆਪਣੇ ਜੀਵਨ ਦੇ ਤਿੰਨ ਸਬਕਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੇ ਭਾਈਚਾਰੇ ਅਤੇ ਸਮਾਜ ਲਈ ਸਾਡੀ ਜ਼ਿੰਮੇਵਾਰੀ, ਪਸੰਦ ਦੀ ਨਹੀਂ, ਫਰਜ਼ ਦੀ ਗੱਲ ਹੈ। ਜੇਕਰ ਤੁਸੀਂ ਇਕ ਵੀ ਬੰਦੇ ਨੂੰ ਬਚਾਉਂਦੇ ਹੋ ਮਤਲਬ ਤੁਸੀਂ ਸਾਰੇ ਸੰਸਾਰ ਨੂੰ ਬਚਾਉਂਦੇ ਹੋ। ਇਕੱਲੇ ਚੰਗੇ ਕਾਰਜ ਕਰਨਾ ਹੀ ਚੈਰਿਟੀ ਨਹੀਂ ਬਲਕਿ ਲੋਕਾਂ ਨੂੰ ਇਨਸਾਫ ਦਿਵਾਉਣਾ ਵੀ ਦਾਨ-ਪੁੰਨ ਹੀ ਹੈ।
ਉਹਨਾਂ ਕਿਹਾ ਕਿ ਕੈਲੀਫੋਰਨੀਆ ਅਟਾਰਨੀ ਜਨਰਲ ਸਟੇਟ ਦਾ ਦੂਸਰੇ ਨੰਬਰ ਦਾ ਮਹੱਤਵਪੂਰਨ ਅਤੇ ਕਾਨੂੰਨ ਵਿਵਸਥਾ ਬਣਾਉਣ ਲਈ ਪਹਿਲਾ ਮੁੱਖ ਅਫਸਰ ਹੁੰਦਾ ਹੈ ਅਤੇ ਇਸ ਪੱਧ ਲਈ ਇਕ ਤਜ਼ਰਬੇਕਾਰ ਅਤੇ ਜ਼ਿੰਮੇਵਾਰ ਬੰਦਾ ਚਾਹੀਦਾ ਹੈ। ਮੈਂ ਬਹੁਤ ਸਾਰੇ ਨਸ਼ਿਆਂ ਦੇ ਕਾਰੋਬਾਰੀਆਂ, ਗੈਂਗ ਮੈਂਬਰਾਂ ਅਤੇ ਖਤਰਨਾਕ ਅਪਰਾਧੀਆਂ ਨੂੰ ਸਜਾਵਾਂ ਦੁਆਈਆਂ ਹਨ, ਨੈਥਨ ਹਾਕਮੈਨ ਕੋਲ ਲੋਕਾਂ ਨੂੰ ਇਨਸਾਫ ਦਿਵਾਉਣ ਦਾ 30 ਸਾਲਾਂ ਦਾ ਤਜਰਬਾ ਹੈ ਜਦਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਕੋਲ ਬਿਲਕੁਲ ਤਜਰਬਾ ਨਹੀਂ।
ਉਹਨਾਂ ਕਿਹਾ ਕਿ ਚੋਰੀਆਂ, ਲੁੱਟਾਂ-ਖੋਹਾਂ, ਨਸਲੀ ਹਮਲੇ, ਕਤਲ, ਨਸ਼ਿਆਂ ਦੀ ਵਿਕਰੀ ਅਤੇ ਹੋਰ ਸੰਗੀਨ ਅਪਰਾਧਾਂ ਨੂੰ ਆਪਣੇ ਸਮਾਜ ਵਿੱਚੋਂ ਖਤਮ ਕਰਨ ਲਈ ਸਾਨੂੰ ਪੁਲਿਸ ਪ੍ਰਸਾਸ਼ਨ ਬਿਹਤਰ ਕਰਨ ਦੀ ਲੋੜ ਹੈ, ਬਿਹਤਰ ਕਾਨੂੰਨ ਬਣਾਉਣ ਦੀ ਲੋੜ ਹੈ ਅਤੇ ਅਪਰਾਧਾਂ ਦੇ ਮੁਤਾਬਕ ਸਜਾਵਾਂ ਦੇਣ ਦੀ ਲੋੜ ਹੈ ਪਰ ਬਦਕਿਸਮਤੀ ਨਾਲ ਅੱਜ ਕੈਲੀਫੋਰਨੀਆ ਦੀ ਮੌਜੂਦਾ ਸਰਕਾਰ ਬਹੁਤ ਅਪਰਾਧੀਆਂ ਨੂੰ ਸਜਾਵਾਂ ਦੇਣ ਵਿੱਚ ਅਸਮਰਥ ਹੈ।
ਇਸ ਵੇਲੇ ਬੇਘਰ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਮਾਨਸਿਕ ਪ੍ਰੇਸ਼ਾਨੀ, ਬੇਰੁਜ਼ਗਾਰੀ ਅਤੇ ਨਸ਼ਿਆਂ ਕਾਰਨ ਹੋਏ ਬੇਘਰ ਲੋਕਾਂ ਦੀ ਪਹਿਚਾਣ ਕਰਕੇ ਉਹਨਾਂ ਦੀਆਂ ਮੁਸੀਬਤਾਂ ਦਾ ਹੱਲ ਕਰਕੇ, ਉਹਨਾਂ ਨੂੰ ਮੁੜ ਤੋਂ ਬਿਹਤਰ ਥਾਂਵਾਂ ਤੇ ਵਸਾਇਆ ਜਾਏ।
ਉਹਨਾਂ ਕਿਹਾ ਕਿ ਚੰਗਾ ਸਮਾਜ ਸਿਰਜਣ ਲਈ ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਵੀ ਚੰਗੀ ਸਿੱਖਿਆ ਦੇਣੀ ਪਵੇਗੀ।
ਜੇਕਰ ਉਹ ਕੈਲੀਫੋਰਨੀਆ ਦਾ ਅਟਾਰਨੀ ਜਨਰਲ ਬਣਦੇ ਹਨ ਤਾਂ ਸਿੱਖ ਭਾਈਚਾਰੇ ਦੇ ਨਾਲ-ਨਾਲ, ਉਹ ਕੈਲੀਫੋਰਨੀਆ ਵਿੱਚ ਵੱਸਦੀ ਹਰ ਕੌਮ ਨੂੰ ਸੁਰੱਖਿਅਤ ਕਰਨਗੇ ਅਤੇ ਕੈਲੀਫੋਰਨੀਆ ਨੂੰ ਮੁੜ ਤੋਂ ਮਹਿਫੂਜ ਬਣਾਉਣਗੇ।
ਫਿਰ ਨੈਥਨ ਹਾਕਮੈਨ ਨੇ ਸਿੱਖ ਸੰਗਤਾਂ ਅਤੇ ਗੁਰੂ-ਘਰ ਦੀ ਕਮੇਟੀ ਦਾ ਧੰਨਵਾਦ ਕਰਦਿਆਂ ਸਭ ਨੂੰ ਅਪੀਲ ਕੀਤੀ ਕਿ ਚੰਗੀ ਸਰਕਾਰ ਬਣਾਉਣ ਲਈ ਸਭ ਲੋਕ ਚੰਗੇ, ਸੂਝਵਾਨ ਅਤੇ ਤਜਰਬੇਕਾਰ ਉਮੀਦਵਾਰਾਂ ਨੂੰ ਆਪਣੀਆਂ ਵੋਟਾਂ ਜ਼ਰੂਰ ਪਾਉਣ।