ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਰਹਿੰਦ ਚੋਅ ਦਾ ਜਾਇਜ਼ਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਰਹਿੰਦ ਚੋਅ ਦਾ ਜਾਇਜ਼ਾ

ਚੋਅ ਵਿੱਚ ਭਲਕ ਤੱਕ ਪਾਣੀ ਦਾ ਪੱਧਰ ਘਟਣ ਦੀ ਪੂਰੀ ਸੰਭਾਵਨਾ
ਸੁਨਾਮ ਊਧਮ ਸਿੰਘ ਵਾਲਾ – ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿੱਚ ਸਰਹਿੰਦ ਚੋਅ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਰਹਿੰਦ ਚੋਅ ਦਾ ਪਾਣੀ ਅਗਲੇ 24 ਘੰਟਿਆਂ ਵਿੱਚ ਘਟਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਸੰਗਰੂਰ ਰੋਡ ’ਤੇ ਚੱਠੇ ਨਕਟੇ ਪੁਲ, ਓਵਰ ਬ੍ਰਿਜ ਨੇੜੇ ਸਕੂਟਰ ਮੋਟਰ ਸਾਈਕਲ ਮਾਰਕੀਟ, ਸਿਵਲ ਹਸਪਤਾਲ ਕੋਲ ਆਦਿ ਥਾਵਾਂ ’ਤੇ ਅਧਿਕਾਰੀਆਂ ਸਮੇਤ ਸਰਹਿੰਦ ਚੋਅ ਦਾ ਨਿਰੀਖਣ ਕਰਨ ਮਗਰੋਂ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਇੱਕ ਦਮ ਪਾਣੀ ਦਾ ਪੱਧਰ ਵਧ ਜਾਣ ਕਾਰਨ ਸਰਹਿੰਦ ਚੋਅ ਦਾ ਪਾਣੀ ਕੁਝ ਉਛਲਿਆ ਜ਼ਰੂਰ ਸੀ ਪਰ ਸਥਿਤੀ ਕਾਬੂ ਵਿੱਚ ਹੈ ਅਤੇ ਪ੍ਰਸ਼ਾਸਨ ਹਰੇਕ ਤਰ੍ਹਾਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੈ।
ਡਕਾਲਾ : ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇੇ ਅੱਜ ਖ਼ੁਦ ਹੜ੍ਹ ਪ੍ਰਭਾਵਿਤ ਪਿੰਡਾਂ ਸੱਸਾ ਗੁੱਜਰਾਂ, ਧਰਮੇਹੜੀ, ਘਿਉਰਾ, ਧਨੌਰੀ, ਸੱਸੀ, ਸੱਸਾ ਥੇਹ, ਹਰੀਪੁਰ ਆਦਿ ਦੇ ਵਸਨੀਕਾਂ ਤੱਕ ਰਾਹਤ ਸਮੱਗਰੀ ਆਦਿ ਪਹੁੰਚਾਉਣ ਲਈ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਅੱਜ ਬੀਬੀ ਜੈਇੰਦਰ ਕੌਰ ਕਿੱਥੇ ਹਨ, ਉਨ੍ਹਾਂ ਨੂੰ ਅੱਜ ਵੀ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ। ਹਾਲੇ ਤਾਂ ਪਿੰਡਾਂ ਵਿੱਚੋਂ ਪਾਣੀਆਂ ਉਤਰਿਆ ਨਹੀਂ ਅਤੇ ਲੋਕਾਂ ਨੂੰ ਵੀ ਮਦਦ ਦੀ ਲੋੜ ਹੈ। ਅਸਲ ਵਿੱਚ ਬੀਬੀ ਜੈਇੰਦਰ ਕੌਰ ਸਿਰਫ਼ ਰਾਜਨੀਤੀ ਕਰਨ ਆਈ ਸੀ ਜਦਕਿ ਅੱਜ ਔਖੀ ਘੜੀ ਵਿੱਚ ਲੋਕਾਂ ਦਾ ਹੱਥ ਫੜਨ ਦਾ ਸਮਾਂ ਹੈ ਨਾ ਕਿ ਸਿਆਸਤ ਚਮਕਾਉਣ ਦਾ।’’ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਹੜ੍ਹ ਦੀ ਲਪੇਟ ਵਿੱਚ ਆਏ ਪਿੰਡ ਸੱਸਾਂ ਗੁੱਜਰਾਂ ਦੇ ਭਗਵਾਨ ਦਾਸ ਦੇ ਅੰਤਮ ਸਸਕਾਰ ਵਿੱਚ ਵੀ ਸ਼ਾਮਲ ਹੋਏ। ਭਗਵਾਨ ਦਾਸ (30) ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।