ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪੱਤਰਕਾਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ

ਚੰਡੀਗੜ੍ਹ ਵਿੱਚ ‘ਪ੍ਰੈੱਸ ਦੀ ਆਜ਼ਾਦੀ ਅਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ
ਚੰਡੀਗੜ੍ਹ- ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਅਤੇ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਵੱਲੋਂ ਇੱਥੋਂ ਦੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿੱਚ ‘ਪ੍ਰੈੱਸ ਦੀ ਆਜ਼ਾਦੀ ਅਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕ੍ਰਮਵਾਰ ਦੋਵੇਂ ਯੂਨੀਅਨਾਂ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਅਤੇ ਰਾਮ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸੈਮੀਨਾਰ ਵਿੱਚ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਅਤੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਸਮਾਜ ਅਤੇ ਦੇਸ਼ ਨੂੰ ਤਰੱਕੀ ਦੀਆਂ ਉੱਚੀਆਂ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਇਸ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਿਛਲੇ ਲੰਮੇ ਸਮੇਂ ਤੋਂ ਭੰਗ ਹੋਈ ਐਕਰੀਡੇਸ਼ਨ ਕਮੇਟੀ ਮੁੜ ਗਠਿਤ ਕਰਨ ਲਈ ਲਗਪਗ ਤਿਆਰੀ ਕਰ ਲਈ ਗਈ ਹੈ ਅਤੇ ਛੇਤੀ ਹੀ ਪੱਤਰਕਾਰ ਭਾਈਚਾਰੇ ਦੀਆਂ ਮੰਗਾਂ ਸਬੰਧੀ ਚੰਗੀ ਖ਼ਬਰ ਆਵੇਗੀ। ਬਲਵਿੰਦਰ ਸਿੰਘ ਜੰਮੂ ਨੇ ਵਰਕਿੰਗ ਜਰਨਲਿਸਟਸ ਐਕਟ ਨੂੰ ਖ਼ਤਮ ਕਰਨ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਪੱਤਰਕਾਰਾਂ ਲਈ ਪੈਨਸ਼ਨ ਸਕੀਮ, ਮੁਫ਼ਤ ਬੱਸ ਸਫ਼ਰ ਸਕੀਮ ਸ਼ੁਰੂ ਕਰਨ ਅਤੇ ਐਕਰੀਡੇਸ਼ਨ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ। ਹਮੀਰ ਸਿੰਘ ਨੇ ਦੱਸਿਆ ਕਿ ਕਾਰਪੋਰੇਟ ਸੈਕਟਰ ਵੱਲੋਂ ਮੀਡੀਆ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਤੇ ਪੱਤਰਕਾਰਾਂ ਲਈ ਰੈਗੂਲਰ ਨੌਕਰੀ ਦਾ ਸਿਸਟਮ ਖ਼ਤਮ ਹੋ ਚੁੱਕਾ ਹੈ।

ਰਾਮ ਸਿੰਘ ਬਰਾੜ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ ਵਿੱਚ ਗਲਤ ਖ਼ਬਰਾਂ ਪਰੋਸੀਆਂ ਜਾ ਰਹੀਆਂ ਹਨ। ਡਾ. ਪਿਆਰੇ ਲਾਲ ਗਰਗ ਨੇ ਪੱਤਰਕਾਰਾਂ ਨੂੰ ਆਪਣੀ ਸਹੀ ਡਿਊਟੀ ਨਿਭਾਉਣ ਲਈ ਹੱਲਾਸ਼ੇਰੀ ਦਿੱਤੀ।

ਇਸ ਤੋਂ ਪਹਿਲਾਂ ਸੈਮੀਨਾਰ ਦੀ ਸ਼ੁਰੂਆਤ ਵਿੱਚ ਪ੍ਰੀਤਮ ਰੁਪਾਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਮੰਚ ਸੰਚਾਲਕ ਦੀ ਭੂਮਿਕਾ ਪੰਜਾਬ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਮੀਤ ਪ੍ਰਧਾਨ ਜੈ ਸਿੰਘ ਛਿੱਬਰ ਨੇ ਨਿਭਾਈ। ਅਖੀਰ ਵਿੱਚ ਬਲਬੀਰ ਸਿੰਘ ਜੰਡੂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮੁੱਖ ਮਹਿਮਾਨ ਸਣੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ।