ਕੈਨੇਡਾ 2024 ਵਿੱਚ 4.85 ਲੱਖ ਸਥਾਈ ਵਸਨੀਕਾਂ ਦਾ ਕਰੇਗਾ ਸਵਾਗਤ

ਕੈਨੇਡਾ 2024 ਵਿੱਚ 4.85 ਲੱਖ ਸਥਾਈ ਵਸਨੀਕਾਂ ਦਾ ਕਰੇਗਾ ਸਵਾਗਤ

  • ਬਜ਼ੁਰਗਾਂ ਦੀ ਵਧਦੀ ਆਬਾਦੀ ਤੇ ਕਿਰਤੀਆਂ ਦੀ ਘਾਟ ਨਾਲ ਜੂਝ ਰਿਹੈ ਕੈਨੇਡਾ
  • ਸਾਲ 2025 ਵਿੱਚ ਪੰਜ ਲੱਖ ਪਰਵਾਸੀਆਂ ਨੂੰ ਸਥਾਈ ਵਸਨੀਕ ਬਣਾਉਣ ਦੀ ਯੋਜਨਾ

ਓਟਵਾ- ਕੈਨੇਡਾ ਅਗਲੇ ਸਾਲ 4.85 ਲੱਖ ਅਤੇ 2025 ਵਿੱਚ ਪੰਜ ਲੱਖ ਸਥਾਈ ਵਸਨੀਆਂ ਦਾ ਸਵਾਗਤ ਕਰੇਗਾ ਕਿਉਂਕਿ ਦੇਸ਼ ਬਜ਼ੁਰਗਾਂ ਦੀ ਵਧਦੀ ਆਬਾਦੀ ਤੇ ਮੁੱਖ ਖੇਤਰਾਂ ’ਚ ਕਿਰਤੀਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਭਾਰਤ ਜਿਹੇ ਮੁਲਕਾਂ ਤੋਂ ਨਵੇਂ ਯੋਗ ਪੇਸ਼ੇਵਰਾਂ ਦੀ ਮਦਦ ਨਾਲ ਵਿਕਾਸ ਨੂੰ ਰਫ਼ਤਾਰ ਦੇਣਾ ਚਾਹੁੰਦਾ ਹੈ। ਕੈਨੇਡਾ ਦੇ ਪਰਵਾਸ, ਸ਼ਰਨਾਰਥੀਆਂ ਤੇ ਨਾਗਰਿਕਤਾ ਬਾਰੇ ਮੰਤਰੀ ਮਾਰਕ ਮਿੱਲਰ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਪਰਵਾਸ ਨਾਲ ਕੈਨੇਡਾ ਦੀ ਆਰਥਿਕਤਾ ਚੱਲਦੀ ਹੈ ਅਤੇ ਇਸ ਦੇ ਭਵਿੱਖ ਦੇ ਵਿਕਾਸ ਨੂੰ ਊਰਜਾ ਮਿਲਦੀ ਹੈ।’ ਉਨ੍ਹਾਂ ਕਿਹਾ, ‘ਕਿਉਂਕਿ ਅਸੀਂ ਬਜ਼ੁਰਗਾਂ ਦੀ ਵਧਦੀ ਆਬਾਦੀ ਅਤੇ ਸਿਹਤ ਸੰਭਾਲ, ਟਰਾਂਸਪੋਰਟ, ਘਰ ਨਿਰਮਾਣ ਜਿਹੇ ਅਹਿਮ ਖੇਤਰਾਂ ’ਚ ਕਿਰਤੀਆਂ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹਾਂ। ਇਸ ਲਈ ਨਵੇਂ ਲੋਕਾਂ ਦੀ ਆਮਦ ਨੂੰ ਹੁਲਾਰਾ ਦੇਣ, ਅਰਥਚਾਰਾ ਵਧਾਉਣ ਅਤੇ ਸਥਾਨਕ ਕਾਰੋਬਾਰਾਂ ਤੇ ਭਾਈਚਾਰਿਆਂ ਦੀ ਹਮਾਇਤ ਕਰਨ ਵਿੱਚ ਮਦਦ ਕਰਨਾ ਅਹਿਮ ਹੈ।’ ਇਸ ਸਬੰਧੀ ਜਾਰੀ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਮਿੱਲਰ ਨੇ 2024-2026 ਪਰਵਾਸ ਯੋਜਨਾ ਪੇਸ਼ ਕੀਤੀ ਜੋ ਰਿਹਾਇਸ਼, ਸਿਹਤ ਸੰਭਾਲ ਤੇ ਬੁਨਿਆਦੀ ਢਾਂਚੇ ਜਿਹੇ ਖੇਤਰਾਂ ’ਚ ਦਬਾਅ ਦੇ ਨਾਲ ਤਾਲਮੇਲ ਬਣਾਉਂਦਿਆਂ ਆਰਥਿਕ ਵਿਕਾਸ ਦੀ ਹਮਾਇਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਤਿ ਕੈਨੇਡਾ ਸਰਕਾਰ ਨੇ ਸਾਲ 2024 ’ਚ 4,85,000 ਸਥਾਈ ਵਸਨੀਕਾਂ ਦਾ ਟੀਚਾ ਮਿੱਥਿਆ ਹੈ ਅਤੇ ਇਹ ਟੀਚਾ ਪੂਰਾ ਹੋਣ ਮਗਰੋਂ 2025 ਵਿੱਚ ਪੰਜ ਲੱਖ ਸਥਾਈ ਵਸਨੀਕਾਂ ਤੱਕ ਪਹੁੰਚਣ ਦੀ ਯੋਜਨਾ ਹੈ।