ਕੈਨੇਡਾ: ਹਰ ਸਾਲ 68,000 ਕਰੋੜ ਰੁਪਏ ਨਿਵੇਸ਼ ਕਰਦੇ ਨੇ ਪੰਜਾਬੀ ਵਿਦਿਆਰਥੀ

ਕੈਨੇਡਾ: ਹਰ ਸਾਲ 68,000 ਕਰੋੜ ਰੁਪਏ ਨਿਵੇਸ਼ ਕਰਦੇ ਨੇ ਪੰਜਾਬੀ ਵਿਦਿਆਰਥੀ

ਚੰਡੀਗੜ੍ਹ- ਭਾਰਤ ਅਤੇ ਕੈਨੇਡਾ ਦਰਮਿਆਨ ਵਧ ਰਹੇ ਤਣਾਅ ਨੇ ਕੈਨੇਡਿਆਈ ਸਿੱਖਿਆ ਸੰਸਥਾਵਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਉਨ੍ਹਾਂ ਨੇ ਉੱਥੇ ਬਹੁਤ ਵੱਡੀ ਰਕਮ ਨਿਵੇਸ਼ ਕੀਤੀ ਹੋਈ ਹੈ। ਇਸ ਤਰ੍ਹਾਂ ਪੰਜਾਬ ਤੋਂ ਹਰੇਕ ਸਾਲ 68 ਹਜ਼ਾਰ ਕਰੋੜ ਰੁਪਏ ਬਾਹਰ ਨਿਵੇਸ਼ ਹੋ ਰਹੇ ਹਨ। ਇਹ ਖੁਲਾਸਾ ਖਾਲਸਾ ਵੋਕਸ ਵੱਲੋਂ ਅੱਜ ਜਾਰੀ ਅੰਕੜਿਆਂ ਵਿੱਚ ਕੀਤਾ ਗਿਆ ਹੈ।ਇਸ ਰਿਪੋਰਟ ਮੁਤਾਬਕ, ਕੈਨੇਡਾ ਨੇ ਪਿਛਲੇ ਸਾਲ ਕੁੱਲ 2,26,450 ਵੀਜ਼ੇ ਮਨਜ਼ੂਰ ਕੀਤੇ, ਜਿਨ੍ਹਾਂ ਵਿੱਚੋਂ 1.36 ਲੱਖ ਵਿਦਿਆਰਥੀ ਪੰਜਾਬ ਦੇ ਸਨ। ਇਹ ਵਿਦਿਆਰਥੀ ਕੈਨੇਡਾ ਵਿੱਚ ਔਸਤ ਦੋ ਜਾਂ ਤਿੰਨ ਸਾਲਾਂ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲੈਂਦੇ ਹਨ। ਵੱਖ-ਵੱਖ ਵੀਜ਼ਾ ਪ੍ਰੋਸੈਸਿੰਗ ਏਜੰਸੀਆਂ ਦੇ ਮੌਜੂਦਾ ਅੰਕੜਿਆਂ ਮੁਤਾਬਕ ਇਸ ਸਮੇਂ ਲਗਪਗ 3.4 ਲੱਖ ਪੰਜਾਬੀ ਕੈਨੇਡਾ ਵਿੱਚ ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਹਨ। ਐਸੋਸੀਏਸ਼ਨ ਆਫ ਕੰਸਲਟੈਂਟਸ ਆਫ ਓਵਰਸੀਜ਼ ਸਟੱਡੀਜ਼ ਦੇ ਚੇਅਰਮੈਨ ਕਮਲ ਭੁਮਲਾ ਨੇ ਕਿਹਾ ਕਿ ਕੈਨੇਡਾ ਜਾਣ ਵਾਲੇ ਭਾਰਤੀਆਂ ਵਿੱਚੋਂ ਲਗਪਗ 60 ਫੀਸਦੀ ਪੰਜਾਬੀ ਹਨ ਜਿਨ੍ਹਾਂ ਵਿੱਚ ਅੰਦਾਜ਼ਨ 1.36 ਲੱਖ ਵਿਦਿਆਰਥੀ ਸਨ, ਜੋ ਪਿਛਲੇ ਸਾਲ ਗਏ ਸਨ।