ਕੈਨੇਡਾ: ਸਸਕੈਚਵਾਨ ਸੂਬੇ ’ਚ ਸਿੱਖਾਂ ਨੂੰ ਵਿਸ਼ੇਸ਼ ਮੌਕਿਆਂ ’ਤੇ ਬਿਨਾਂ ਹੈਲਮਟ ਮੋਟਰਸਾਈਕਲ ਚਲਾਉਣ ਦੀ ਪ੍ਰਵਾਨਗੀ

ਕੈਨੇਡਾ: ਸਸਕੈਚਵਾਨ ਸੂਬੇ ’ਚ ਸਿੱਖਾਂ ਨੂੰ ਵਿਸ਼ੇਸ਼ ਮੌਕਿਆਂ ’ਤੇ ਬਿਨਾਂ ਹੈਲਮਟ ਮੋਟਰਸਾਈਕਲ ਚਲਾਉਣ ਦੀ ਪ੍ਰਵਾਨਗੀ

ਟੋਰਾਂਟੋ – ਸਰਕਾਰ ਨੇ ਕੈਨੇਡਾ ਦੇ ਸਸਕੈਚਵਾਨ ਸੂਬੇ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਨਗਰ ਕੀਰਤਨ ਤੇ ਰੈਲੀਆਂ ਸਣੇ ਹੋਰਨਾਂ ਵਿਸ਼ੇਸ਼ ਮੌਕਿਆਂ ’ਤੇ ਹੈਲਮਟ ਪਾਉਣ ਤੋਂ ਆਰਜ਼ੀ ਛੋਟ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਅਧਾਰਿਤ ‘ਲੀਜੈਂਡਰੀ ਸਿੱਖ ਰਾਈਡਰਜ਼’ ਨਾਂ ਦੇ ਮੋਟਰਸਾਈਕਲ ਗਰੁੱਪ ਨੇ ਸੂਬਾ ਸਰਕਾਰ ਅੱਗੇ ਤਜਵੀਜ਼ ਰੱਖੀ ਸੀ ਕਿ ਉਨ੍ਹਾਂ ਨੂੰ ਲੋਕ ਭਲਾਈ ਦੇ ਕੰਮਾਂ ਲਈ ਫੰਡ ਇਕੱਤਰ ਕਰਨ ਖਾਤਿਰ ਪੂਰੇ ਕੈਨੇਡਾ ਵਿੱਚ ਮੋਟਰਸਾਈਕਲ ਰੈਲੀ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਚੇਤੇ ਰਹੇ ਕਿ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ ਤੇ ਓਂਟਾਰੀਓ ਸੂਬਿਆਂ ਵਿਚ ਧਾਰਮਿਕ ਕਾਰਨਾਂ ਕਰਕੇ ਜਿੱਥੇ ਪੱਗੜੀਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਮੌਕੇ ਹੈਲਮਟ ਪਾਉਣ ਤੋਂ ਮੁਕੰਮਲ ਛੋਟ ਹੈ, ਉਥੇ ਸਸਕੈਚਵਾਨ ਵਿੱਚ ਸੜਕਾਂ ’ਤੇ ਮੋਟਰਸਾਈਕਲ ਚਲਾਉਣ ਮੌਕੇ ਸਾਰਿਆਂ ਲਈ ਹੈਲਮਟ ਪਾਉਣਾ ਲਾਜ਼ਮੀ ਹੈ। ਸਬੰਧਤ ਮੰਤਰੀ ਡੌਨ ਮੌਰਗਨ ਨੇ ਕਿਹਾ, ‘‘ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਹੈਲਮਟ ਲਾਜ਼ਮੀ ਹੈ।’’ ਸਸਕੈਚਵਾਨ ਸਰਕਾਰ ਵੱਲੋਂ ਜਾਰੀ ਰਿਲੀਜ਼ ਮੁਤਾਬਕ ਵਹੀਕਲ ਇਕੁਇਪਮੈਂਟ ਰੈਗੂਲੇਸ਼ਨਜ਼ ਵਿੱਚ ਕੀਤੀ ਸੋਧ ਆਰਜ਼ੀ ਹੈ ਤੇ ਇਹ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਬਿਨਾਂ ਹੈਲਮਟ ਵਹੀਕਲ ਚਲਾਉਣ ਦੀ ਮੁਕੰਮਲ ਛੋਟ ਨਹੀਂ ਦਿੰਦੀ। ਮੌਰਗਨ ਨੇ ਕਿਹਾ ਕਿ ਮੋਟਰਸਾਈਕਲ ਹੈਲਮਟ ਕਾਨੂੰਨ ਵਿੱਚ ਮੁਕੰਮਲ ਛੋਟ ਦੇਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਤੇ ਸਾਡੀ ਸਰਕਾਰ ਇਸ ਨੂੰ ਆਰਜ਼ੀ ਵਿਵਸਥਾ ਵਜੋਂ ਵੇਖਦੀ ਹੈ। ਮੰਤਰੀ ਨੇ ਕਿਹਾ ਕਿ ਛੋਟ ਬਾਰੇ ਸਸਕੈਚਵਾਨ ਗਵਰਨਮੈਂਟ ਇੰਸ਼ੋਰੈਂਸ (ਐੱਸਜੀਆਈ) ਵੱਲੋਂ ਲੋੜੀਂਦੀ ਪ੍ਰਵਾਨਗੀ ਦਿੱਤੀ ਜਾਵੇਗੀ ਤੇ ਇਹ ਛੋਟ ਸਿਰਫ ਸਿੱਖ ਭਾਈਚਾਰੇ ਦੇ ਪੱਗੜੀਦਾਰੀ ਮੈਂਬਰਾਂ ਨੂੰ ਮਿਲੇਗੀ, ਜੋ ਆਪਣੇ ਧਾਰਮਿਕ ਅਕੀਦੇ ਕਰਕੇ ਹੈਲਮਟ ਨਹੀਂ ਪਾ ਸਕਦੇ। ਲਰਨਿੰਗ ਲਾਇਸੈਂਸ ਵਾਲੇ ਮੁਸਾਫ਼ਰਾਂ ਜਾਂ ਸਵਾਰਾਂ ਨੂੰ ਇਸ ਛੋਟ ਦਾ ਲਾਭ ਨਹੀਂ ਮਿਲੇਗਾ।