ਕੈਨੇਡਾ: ਵਿਦਿਆਰਥੀਆਂ ਤੋਂ ਹਫ਼ਤਾਵਾਰੀ 20 ਘੰਟੇ ਕੰਮ ਕਰਨ ਦੀ ਪਾਬੰਦੀ ਹਟਾਈ

ਵੈਨਕੂਵਰ- ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਉਨ੍ਹਾਂ ’ਤੇ ਲੱਗੀ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਪਾਬੰਦੀ ਇੱਕ ਸਾਲ ਲਈ ਹਟਾ ਦਿੱਤੀ ਹੈ। ਆਵਾਸ ਮੰਤਰੀ ਸਿਆਨ ਫਰੇਜ਼ਰ ਨੇ ਦੱਸਿਆ ਕਿ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕੌਮਾਂਤਰੀ ਵਿਦਿਆਰਥੀਆਂ ’ਤੇ ਲੱਗੀ 20 ਘੰਟੇ ਕੰਮ ਕਰਨ ਦੀ ਪਾਬੰਦੀ ਆਉਂਦੀ 15 ਨਵੰਬਰ ਤੋਂ ਅਗਲੇ ਸਾਲ ਦੇ ਅੰਤ ਤੱਕ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਦਿਆਰਥੀ ਆਪਣੀ ਸਮਰੱਥਾ ਅਨੁਸਾਰ ਜਿੰਨੇ ਘੰਟੇ ਚਾਹੁਣ ਕੰਮ ਕਰ ਸਕਣਗੇ। ਮੰਤਰੀ ਨੇ ਕਿਹਾ ਕਿ ਪੂਰਾ ਸਮਾਂ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਆਪਣੀ ਇੱਛਾ ਅਨੁਸਾਰ ਕੰਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਕਾਰਨ ਕਾਫ਼ੀ ਹੱਦ ਤੱਕ ਕਾਮਿਆਂ ਦੀ ਘਾਟ ਪੂਰੀ ਹੋਵੇਗੀ ਅਤੇ ਕਾਰੋਬਾਰੀਆਂ ਨੂੰ ਵਿਦੇਸ਼ਾਂ ਤੋਂ ਕਾਮੇ ਨਹੀਂ ਮੰਗਵਾਉਣੇ ਪੈਣਗੇ। ਇਸ ਫ਼ੈਸਲੇ ਨਾਲ ਪੜ੍ਹਾਈ ਅੱਧ-ਵਿਚਾਲੇ ਛੱਡਣ ਵਾਲੇ ਵਿਦਿਆਰਥੀਆਂ ਨੂੰ ਵੀ ਰਾਹਤ ਮਿਲੇਗੀ।