ਕੈਨੇਡਾ ਵਾਸੀ ਸ਼ਰਧਾਲੂ ਵੱਲੋਂ ਹਰਿਮੰਦਰ ਸਾਹਿਬ ਵਿਖੇ ਕਿੱਲੋ ਸੋਨਾ ਭੇਟ

ਕੈਨੇਡਾ ਵਾਸੀ ਸ਼ਰਧਾਲੂ ਵੱਲੋਂ ਹਰਿਮੰਦਰ ਸਾਹਿਬ ਵਿਖੇ ਕਿੱਲੋ ਸੋਨਾ ਭੇਟ

ਅੰਮ੍ਰਿਤਸਰ – ਕੈਨੇਡਾ ਵਾਸੀ ਮੇਹਰ ਸਿੰਘ ਚਾਂਦਨਾ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਕਿੱਲੋ ਸੋਨਾ ਭੇਟ ਕਰਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ ਗਈ ਹੈ। ਇਹ ਸੋਨਾ ਉਨ੍ਹਾਂ 100-100 ਗ੍ਰਾਮ ਦੇ 10 ਸਿੱਕਿਆਂ ਦੇ ਰੂਪ ਵਿੱਚ ਭੇਟ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਇਸ ਪਰਿਵਾਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਕੈਨੇਡਾ ਵਾਸੀ ਮੇਹਰ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਬੇਟੇ ਸਵਰਗੀ ਸਮਨਦੀਪ ਸਿੰਘ ਚਾਂਦਨਾ ਦੀ ਇੱਛਾ ਸੀ, ਜਿਸ ਨੂੰ ਪੂਰਾ ਕੀਤਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ, ਜਿਥੋਂ ਆਤਮਿਕ ਅਤੇ ਮਾਨਸਿਕ ਅਗਵਾਈ ਮਿਲਦੀ ਹੈ। ਉਨ੍ਹਾਂ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਦਸਿਆ ਕਿ ਕੈਨੇਡਾ ਵਾਸੀ ਪਰਿਵਾਰ ਨੇ ਸੋਨੇ ਦੀ ਸੇਵਾ ਕਰਵਾਈ ਹੈ। ਉਨ੍ਹਾਂ ਸ਼ਰਧਾਲੂ ਪਰਿਵਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਅੰਤ੍ਰਿੰਗ ਮੈਂਬਰ ਬੀਬੀ ਗੁਰਪ੍ਰੀਤ ਕੌਰ, ਵਧੀਕ ਸਕੱਤਰ ਪ੍ਰਤਾਪ ਸਿੰਘ ਤੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਮੇਹਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਇੰਚਾਰਜ ਸ਼ਾਹਬਾਜ਼ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਸਹਾਇਕ ਸੁਪ੍ਰਿੰਟੈਂਡੈਂਟ ਗੁਰਪ੍ਰੀਤ ਸਿੰਘ, ਮੀਤ ਮੈਨੇਜਰ ਨਿਸ਼ਾਨ ਸਿੰਘ ਆਦਿ ਮੌਜੂਦ ਸਨ।